ਦੋ ਮਹੀਨੇ ਨਹੀਂ ਹੋਵੇਗੀ 'ਮਨ ਕੀ ਬਾਤ', ਫਿਰ ਵਾਪਸੀ ਕਰਾਂਗਾ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿਚ ਆਮ ਚੋਣਾਂ ਕਾਰਨ 'ਮਨ ਕੀ ਬਾਤ' ਪ੍ਰੋਗਰਾਮ ਦਾ ਪ੍ਰਸਾਰਣ ਨਹੀਂ ਹੋਵੇਗਾ ਹਾਲਾਂਕਿ.......

Narendra Modi

ਨਵੀਂ ਦਿੱਲੀ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿਚ ਆਮ ਚੋਣਾਂ ਕਾਰਨ 'ਮਨ ਕੀ ਬਾਤ' ਪ੍ਰੋਗਰਾਮ ਦਾ ਪ੍ਰਸਾਰਣ ਨਹੀਂ ਹੋਵੇਗਾ ਹਾਲਾਂਕਿ ਉਨ੍ਹਾਂ ਮਈ 2019 ਦੇ ਆਖ਼ਰੀ ਐਤਵਾਰ ਤੋਂ ਵਾਪਸੀ ਦਾ ਐਲਾਨ ਵੀ ਕੀਤਾ। ਜੇ ਆਮ ਚੋਣਾਂ ਮਾਰਚ ਅਤੇ ਅਪ੍ਰੈਲ ਵਿਚ ਹੁੰਦੀਆਂ ਹਨ ਤਾਂ ਮਈ ਦੇ ਅੰਤਮ ਐਤਵਾਰ ਤੋਂ ਪਹਿਲਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਅਗਲੀ ਸਰਕਾਰ ਕਿਹੜੀ ਕਿਸ ਦੀ ਬਣੇਗੀ। ਉਧਰ,ਕਾਂਗਰਸ ਆਗੂ ਅਹਿਮਦ ਪਟੇਲ ਨੇ 'ਮਨ ਦੀ ਬਾਤ' ਪ੍ਰੋਗਰਾਮ ਬਾਰੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਹੁਣ 'ਮਨ ਕੀ ਬਾਤ' ਦਾ ਸਿਲਸਿਲਾ ਰੁਕ ਗਿਆ ਹੈ ਅਤੇ ਹੁਣ ਦੇਸ਼ ਵਿਚ 'ਜਨ ਕੀ ਬਾਤ' ਚੱਲੇਗੀ। 

ਅਪਣੇ ਮਹੀਨਾਵਾਰ ਰੇਡੀਉ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਿਹਤਮੰਦ ਜਮਹੂਰੀ ਰਵਾਇਤਾਂ ਨੂੰ ਧਿਆਨ ਵਿਚ ਰਖਦਿਆਂ ਅਜਿਹਾ ਕਰ ਰਹੇ ਹਨ। 2014 ਵਿਚ ਸੱਤਾ ਵਿਚ ਮੋਦੀ ਦੇ ਆਉਣ ਮਗਰੋਂ ਪ੍ਰੋਗਰਾਮ ਦਾ ਇਹ 53ਵਾਂ ਪ੍ਰਸਾਰਣ ਹੈ। ਪ੍ਰਧਾਨ ਮੰਤਰੀ ਨੇ ਕਿਹਾ, 'ਚੋਣਾਂ ਜਮਹੂਰੀਅਤ ਦਾ ਸੱਭ ਤੋਂ ਵੱਡਾ ਉਤਸਵ ਹੁੰਦਾ ਹੈ। ਅਗਲੇ ਦੋ ਮਹੀਨਿਆਂ ਵਿਚ, ਅਸੀਂ ਆਮ ਚੋਣਾਂ ਵਿਚ ਰੁੱਝੇ ਰਹਾਂਗੇ। ਮੈਂ ਵੀ ਉਮੀਦਵਾਰ ਹੋਵਾਂਗਾ।'

ਵਿਰੋਧੀ ਧਿਰਾਂ ਚੋਣਾਂ ਦੌਰਾਨ 'ਮਨ ਕੀ ਬਾਤ' ਦੇ ਪ੍ਰਸਾਰਣ 'ਤੇ ਰੋਕ ਲਾਉਣ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ। ਸੱਤਾ ਵਿਚ ਵਾਪਸੀ ਦਾ ਵਿਸ਼ਵਾਸ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, 'ਤੁਹਾਡੇ ਆਸ਼ੀਰਵਾਦ ਦੀ ਤਾਕਤ ਨਾਲ ਮੈਂ ਮਈ ਦੇ ਪ੍ਰੋਗਰਾਮ ਤਹਿਤ ਸੰਵਾਦ ਦੀ ਲੜੀ ਸ਼ੁਰੂ ਕਰਾਂਗਾ ਅਤੇ ਮਨ ਦੀ ਬਾਤ ਜ਼ਰੀਏ ਲੋਕਾਂ ਨਾਲ ਆਉਣ ਵਾਲੇ ਸਾਲਾਂ ਵਿਚ ਗੱਲਬਾਤ ਹੋਵੇਗੀ।' (ਏਜੰਸੀ)