ਕਰਨਾਟਕ ਕਾਂਗਰਸ ਦੇ ਵਿਧਾਇਕ ਰਾਜਾ ਵੈਂਕਟੱਪਾ ਨਾਇਕ ਦਾ ਦਿਹਾਂਤ
ਚਾਰ ਵਾਰ ਵਿਧਾਇਕ ਰਹਿ ਚੁਕੇ ਰਾਜਾ ਨੂੰ ਹਾਲ ਹੀ ’ਚ ਕਰਨਾਟਕ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ
ਬੈਂਗਲੁਰੂ: ਕਰਨਾਟਕ ਦੇ ਸ਼ੋਰਾਪੁਰ ਤੋਂ ਕਾਂਗਰਸ ਵਿਧਾਇਕ ਰਾਜਾ ਵੈਂਕਟੱਪਾ ਨਾਇਕ ਦਾ ਐਤਵਾਰ ਨੂੰ ਇਕ ਨਿੱਜੀ ਹਸਪਤਾਲ ’ਚ ਦਿਹਾਂਤ ਹੋ ਗਿਆ। ਪਾਰਟੀ ਸੂਤਰਾਂ ਨੇ ਦਸਿਆ ਕਿ ਉਹ 64 ਸਾਲ ਦੇ ਸਨ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਵੈਂਕਟੱਪਾ ਨਾਇਕ ਦੀ ਮੌਤ ਦੀ ਪੁਸ਼ਟੀ ਮਨੀਪਾਲ ਹਸਪਤਾਲ ਨੇ ਦੁਪਹਿਰ 1:50 ਵਜੇ ਦੇ ਕਰੀਬ ਕੀਤੀ।
ਹਸਪਤਾਲ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦੇ ਪਰਵਾਰ ਨੇ ਨਿੱਜਤਾ ਦਾ ਸਨਮਾਨ ਕਰਨ ਦੀ ਬੇਨਤੀ ਕੀਤੀ ਹੈ। ਚਾਰ ਵਾਰ ਵਿਧਾਇਕ ਰਹਿ ਚੁਕੇ ਰਾਜਾ ਨੂੰ ਹਾਲ ਹੀ ’ਚ ਕਰਨਾਟਕ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਮੁੱਖ ਮੰਤਰੀ ਸਿਧਾਰਮਈਆ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਵਿਛੜੇ ਨੇਤਾ ਨੂੰ ਅੰਤਿਮ ਸ਼ਰਧਾਂਜਲੀ ਦਿਤੀ। ਅਪਣੇ ਲੰਮੇ ਸਮੇਂ ਦੇ ਸਿਆਸੀ ਸਹਿਯੋਗੀ ਦੇ ਦੇਹਾਂਤ ’ਤੇ ਦੁੱਖ ਜ਼ਾਹਰ ਕਰਦਿਆਂ ਸਿਧਾਰਮਈਆ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ, ‘‘ਮੈਂ ਤਿੰਨ ਦਿਨ ਪਹਿਲਾਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁਛਿਆ ਸੀ।’’
ਉਨ੍ਹਾਂ ਕਿਹਾ ਕਿ ਲੋਕਾਂ ਵਿਚ ਪ੍ਰਸਿੱਧ ਰਾਜਾ ਵੈਂਕਟੱਪਾ ਨਾਇਕ ਦਾ ਦੇਹਾਂਤ ਉਨ੍ਹਾਂ ਲਈ ਨਿੱਜੀ ਅਤੇ ਰਾਜ ਦੀ ਰਾਜਨੀਤੀ ਦੋਹਾਂ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਨਾਇਕ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਸਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸਨ।