ਭਾਰਤੀ ਸ਼ੇਅਰ ਬਾਜ਼ਾਰ ’ਚ ਗਿਰਾਵਟ ਮੱਧ ਵਰਗ ਦਾ ਨਿਵੇਸ਼ ਖਾ ਗਿਆ : ਅਖਿਲੇਸ਼ ਯਾਦਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'‘ਡਬਲ ਇੰਜਣ’ ਸਰਕਾਰਾਂ ਨੂੰ ਪਹਿਲਾਂ ਅਪਣੇ ਨਿਵੇਸ਼ਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ'

Fall in Indian stock market has eaten away at middle class investments: Akhilesh Yadav

ਲਖਨਊ : ਸਮਾਜਵਾਦੀ ਪਾਰਟੀ (ਸਪਾ) ਦੇ ਕੌਮੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਭਾਰਤੀ ਸ਼ੇਅਰ ਬਾਜ਼ਾਰ ’ਚ ਲਗਾਤਾਰ ਗਿਰਾਵਟ ਨੂੰ ਲੈ ਕੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਸ ਨੇ ਮੱਧ ਵਰਗ ਦੇ ਨਿਵੇਸ਼ ਨੂੰ ਤਬਾਹ ਕਰ ਦਿਤਾ ਹੈ।

ਸਪਾ ਮੁਖੀ ਨੇ ਅਪਣੇ ਅਧਿਕਾਰਤ ‘ਐਕਸ’ ਅਕਾਊਂਟ ’ਤੇ ਇਕ ਪੋਸਟ ’ਚ ਕਿਹਾ ਕਿ ਭਾਰਤੀ ਸ਼ੇਅਰ ਬਾਜ਼ਾਰ ’ਚ ਜਾਰੀ ਗਿਰਾਵਟ ਨੇ ਮੱਧ ਵਰਗ ਦਾ ਨਿਵੇਸ਼ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਤੋਂ ਨਿਵੇਸ਼ਕਾਂ ਨੂੰ ਸੱਦਾ ਦੇਣ ਲਈ ਮੁਕਾਬਲਾ ਕਰ ਰਹੀਆਂ ‘ਡਬਲ ਇੰਜਣ’ ਸਰਕਾਰਾਂ ਨੂੰ ਪਹਿਲਾਂ ਅਪਣੇ ਨਿਵੇਸ਼ਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਫਿਰ ਕਿਸੇ ਹੋਰ ਨੂੰ ਯਕੀਨ ਦਿਵਾਉਣ ਲਈ ‘ਫਰਜ਼ੀ ਪ੍ਰੋਗਰਾਮ’ ਕਰਨੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਕੁੱਝ ਮਹੀਨਿਆਂ ਤੋਂ ਨਿਫਟੀ ਦੇ ਲਗਾਤਾਰ ਖਰਾਬ ਪ੍ਰਦਰਸ਼ਨ ਕਾਰਨ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਇਸ ਸਾਲ ਭਾਰਤੀ ਸ਼ੇਅਰ ਬਾਜ਼ਾਰ ਥਾਈਲੈਂਡ ਅਤੇ ਫਿਲੀਪੀਨਜ਼ ਤੋਂ ਬਾਅਦ ਦੁਨੀਆਂ ਦੇ ਉੱਭਰ ਰਹੇ ਬਾਜ਼ਾਰਾਂ ’ਚ ਤੀਜਾ ਸੱਭ ਤੋਂ ਕਮਜ਼ੋਰ ਸ਼ੇਅਰ ਬਾਜ਼ਾਰ ਬਣ ਗਿਆ ਹੈ।

ਉਨ੍ਹਾਂ ਕਿਹਾ, ‘‘ਇਕ ਪਾਸੇ 80 ਕਰੋੜ ਲੋਕ ਸਰਕਾਰੀ ਅਨਾਜ ’ਤੇ ਰਹਿਣ ਲਈ ਮਜਬੂਰ ਹਨ ਅਤੇ ਦੂਜੇ ਪਾਸੇ ਜਿਨ੍ਹਾਂ ਨੇ ਅਪਣੀ ਬੱਚਤ ਸ਼ੇਅਰਾਂ ’ਚ ਨਿਵੇਸ਼ ਕੀਤੀ ਸੀ, ਉਹ ਵੀ ਗਰੀਬ ਬਣ ਗਏ ਹਨ, ਅਜਿਹੇ ’ਚ ਵੀ ਭਾਜਪਾ ਸਰਕਾਰ ਗਲਤ ਗੱਲਾਂ ਕਹਿ ਕੇ ਲੋਕਾਂ ਨੂੰ ਗੁਮਰਾਹ ਕਰਨਾ ਚਾਹੁੰਦੀ ਹੈ। ਇਹ ਆਰਥਕ ਧੋਖਾਧੜੀ ਬੰਦ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਨਿਵੇਸ਼ਕ ਅੱਜ ਭਾਜਪਾ ਨੂੰ ਨਹੀਂ ਚਾਹੁੰਦੇ। ਯਾਦਵ ਦੀ ਇਹ ਟਿਪਣੀ ਭਾਰਤੀ ਸ਼ੇਅਰ ਬਾਜ਼ਾਰ ਦੇ ਪ੍ਰਦਰਸ਼ਨ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਆਈ ਹੈ, ਜਿਸ ਵਿਚ ਹਾਲ ਹੀ ਵਿਚ ਅਸਥਿਰਤਾ ਵੇਖੀ ਗਈ ਹੈ।