ਮੱਧ ਪ੍ਰਦੇਸ਼ : ਕਾਲਜ ’ਚ ਹੋਲੀ ਮਨਾਉਣ ਦੀ ਇਜਾਜ਼ਤ ਨਾ ਮਿਲਣ ’ਤੇ ਭੜਕੇ ਵਿਦਿਆਰਥੀ
ਪ੍ਰੋਫੈਸਰਾਂ ਨੂੰ ਬਣਾਇਆ ‘ਬੰਧਕ’
ਇੰਦੌਰ : ਇੰਦੌਰ ਦੇ ਇਕ ਨਾਮਵਰ ਕਾਲਜ ’ਚ ਹੋਲੀ ਮਨਾਉਣ ਦੀ ਇਜਾਜ਼ਤ ਨਾ ਮਿਲਣ ਤੋਂ ਭੜਕੇ ਵਿਦਿਆਰਥੀ ਆਗੂਆਂ ਨੇ ਕਥਿਤ ਤੌਰ ’ਤੇ ਸੰਸਥਾ ਦੇ ਹਾਲ ਦੇ ਦਰਵਾਜ਼ੇ ਬੰਦ ਕਰ ਦਿਤੇ ਅਤੇ ਪ੍ਰੋਫੈਸਰਾਂ ਨੂੰ ਬੰਧਕ ਬਣਾ ਲਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ। ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸੋਮਵਾਰ ਨੂੰ ਸ਼ਹਿਰ ਦੇ ਸਰਕਾਰੀ ਹੋਲਕਰ ਸਾਇੰਸ ਕਾਲਜ ’ਚ ਉਸ ਸਮੇਂ ਵਾਪਰੀ ਜਦੋਂ ਗੁੱਸੇ ’ਚ ਆਏ ਵਿਦਿਆਰਥੀ ਨੇਤਾਵਾਂ ਨੇ ਹੋਲੀ ਦੇ ਜਸ਼ਨਾਂ ਦੀ ਇਜਾਜ਼ਤ ਨਾ ਮਿਲਣ ’ਤੇ ਇਸ ਦੇ ਇਕ ਹਾਲ ਦੇ ਦਰਵਾਜ਼ੇ ਬੰਦ ਕਰ ਦਿਤੇ ਅਤੇ ਉਸ ਦੀ ਬਿਜਲੀ ਸਪਲਾਈ ਵੀ ਕੱਟ ਦਿਤੀ।
ਉਨ੍ਹਾਂ ਦਸਿਆ ਕਿ ਵਿਦਿਆਰਥੀ ਆਗੂਆਂ ਦੇ ਹੰਗਾਮੇ ਅਤੇ ਨਾਅਰੇਬਾਜ਼ੀ ਕਾਰਨ ਕਾਲਜ ਦੇ ਕਈ ਪ੍ਰੋਫੈਸਰ ਲਗਭਗ ਅੱਧੇ ਘੰਟੇ ਤਕ ਹਾਲ ’ਚ ਬੰਦ ਰਹੇ। ਅਧਿਕਾਰੀਆਂ ਨੇ ਦਸਿਆ ਕਿ ਬਾਅਦ ’ਚ ਇਕ ਮੁਲਾਜ਼ਮ ਖਿੜਕੀ ’ਚੋਂ ਬਾਹਰ ਨਿਕਲਣ ’ਚ ਸਫਲ ਰਿਹਾ ਅਤੇ ਦਰਵਾਜ਼ਾ ਖੋਲ੍ਹਿਆ ਤਾਕਿ ਪ੍ਰੋਫੈਸਰ ਹਾਲ ਤੋਂ ਬਾਹਰ ਆ ਸਕਣ।
ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਸਿੰਘ ਨੇ ਇਸ ਘਟਨਾ ਨੂੰ ਬਹੁਤ ਗੰਭੀਰ ਦਸਦਿਆਂ ਪੱਤਰਕਾਰਾਂ ਨੂੰ ਦਸਿਆ ਕਿ ਕਾਲਜ ਦੀ ਪ੍ਰਿੰਸੀਪਲ ਡਾ. ਅਨਾਮਿਕਾ ਜੈਨ ਦੀ ਸ਼ਿਕਾਇਤ ’ਤੇ ਵਧੀਕ ਜ਼ਿਲ੍ਹਾ ਮੈਜਿਸਟਰੇਟ (ਏ.ਡੀ.ਐਮ.) ਨੇ ਜਾਂਚ ਦੇ ਹੁਕਮ ਦਿਤੇ ਹਨ। ਉਨ੍ਹਾਂ ਕਿਹਾ, ‘‘ਏ.ਡੀ.ਐਮ. ਦੀ ਜਾਂਚ ਰੀਪੋਰਟ ਦੇ ਆਧਾਰ ’ਤੇ ਇਸ ਮਾਮਲੇ ’ਚ ਉਚਿਤ ਕਦਮ ਚੁਕੇ ਜਾਣਗੇ।’’