Maharashtra: ਪਾਲਘਰ ’ਚ 14 ਲੱਖ ਰੁਪਏ ਦੇ ਨਕਲੀ ਨੋਟ ਜ਼ਬਤ, ਤਿੰਨ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

Maharashtra: ਮੁਲਜ਼ਮਾਂ ਨੇ ਤਿੰਨ ਲੱਖ ਦੇ ਨਕਲੀ ਨੋਟਾਂ ਦੇ ਬਦਲੇ 1 ਲੱਖ ਦੇ ਅਸਲੀ ਨੋਟ ਬਦਲਣ ਦੀ ਬਣਾਈ ਸੀ ਯੋਜਨਾ

Maharashtra: Fake notes worth Rs 14 lakh seized in Palghar, three arrested

 

Maharashtra: ਮਹਾਰਾਸ਼ਟਰ ਦੇ ਪਾਲਘਰ ਜ਼ਿਲੇ੍ਹ ਦੀ ਪੁਲਿਸ ਨੇ 14 ਲੱਖ ਰੁਪਏ ਦੇ ਨਕਲੀ ਨੋਟ ਜ਼ਬਤ ਕੀਤੇ ਹਨ, ਜਿਨ੍ਹਾਂ ’ਤੇ ‘ਚਿਲਡਰਨ ਬੈਂਕ ਆਫ਼ ਇੰਡੀਆ’ ਲਿਖਿਆ ਹੋਇਆ ਹੈ ਅਤੇ ਇਸ ਸਬੰਧ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਵਾਡਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਦੱਤਾਤ੍ਰੇਯ ਕਿੰਦਰੇ ਨੇ ਦਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਅਸਲੀ ਨੋਟਾਂ ਨਾਲ ਨਕਲੀ ਨੋਟ ਬਦਲਾਉਣ ਲਈ ਪਾਲੀ ਪਿੰਡ ਪਹੁੰਚਣਗੇ, ਜਿਸ ਤੋਂ ਬਾਅਦ ਪੁਲਿਸ ਟੀਮ ਨੇ 22 ਫ਼ਰਵਰੀ ਨੂੰ ਜਾਲ ਵਿਛਾਇਆ। ਕਿੰਦਰੇ ਨੇ ਦਸਿਆ ਕਿ ਪੁਲਿਸ ਨੇ ਇਲਾਕੇ ’ਚ ਇਕ ਵਿਅਕਤੀ ਨੂੰ ਸ਼ੱਕੀ ਹਾਲਤ ’ਚ ਘੁੰਮਦੇ ਦੇਖਿਆ। ਬਾਅਦ ਵਿਚ ਦੋ ਹੋਰ ਵਿਅਕਤੀ ਇਕ ਕਾਰ ਵਿਚ ਉੱਥੇ ਪਹੁੰਚੇ ਅਤੇ ਵਿਅਕਤੀ ਨਾਲ ਗੱਲ ਕਰਨ ਲੱਗੇ। ਪੁਲਿਸ ਨੇ ਤਿੰਨਾਂ ਨੂੰ ਕਾਬੂ ਕਰ ਲਿਆ।

ਅਧਿਕਾਰੀ ਨੇ ਦਸਿਆ ਕਿ ਜਾਂਚ ਦੌਰਾਨ ਉਨ੍ਹਾਂ ਨੇ ਉਕਤ ਵਿਅਕਤੀ ਕੋਲੋਂ 14 ਲੱਖ ਰੁਪਏ ਦੇ 100 ਅਤੇ 500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ। ਉਨ੍ਹਾਂ ਦਸਿਆ ਕਿ ਕਾਰ ਵਿਚ ਸਵਾਰ ਦੋ ਵਿਅਕਤੀਆਂ ਕੋਲੋਂ 1 ਲੱਖ ਰੁਪਏ ਦੇ ਅਸਲ ਨੋਟ ਵੀ ਬਰਾਮਦ ਕੀਤੇ ਗਏ ਹਨ। ਅਧਿਕਾਰੀ ਨੇ ਦਸਿਆ ਕਿ ਅਸਲੀ ਨੋਟਾਂ ਨੂੰ ਉੱਪਰ ਅਤੇ ਹੇਠਾਂ ਰਖਿਆ ਗਿਆ ਸੀ, ਜਦੋਂ ਕਿ ‘ਚਿਲਡਰਨ ਬੈਂਕ ਆਫ਼ ਇੰਡੀਆ’ ਦੇ ਨਾਮ ਨਾਲ ਛਾਪੇ ਗਏ ਨਕਲੀ ਨੋਟਾਂ ਨੂੰ ਵਿਚਕਾਰ ਰਖਿਆ ਗਿਆ ਸੀ।

ਉਸਨੇ ਦਸਿਆ ਕਿ ਇਕ 32 ਸਾਲਾ ਵਿਅਕਤੀ ਅਤੇ ਦੋ ਹੋਰ ਵਿਅਕਤੀਆਂ, ਜਿਨ੍ਹਾਂ ਦੀ ਉਮਰ 36 ਅਤੇ 56 ਸਾਲ ਹੈ, ਦੋਵੇਂ ਪਾਲਘਰ ਦੇ ਰਹਿਣ ਵਾਲੇ ਹਨ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਵਿਅਕਤੀ ਨੇ 3 ਲੱਖ ਰੁਪਏ ਦੇ ਨਕਲੀ ਨੋਟਾਂ ਨੂੰ 1 ਲੱਖ ਰੁਪਏ ਦੇ ਅਸਲੀ ਨੋਟਾਂ ਨਾਲ ਬਦਲਣ ਦੀ ਯੋਜਨਾ ਬਣਾਈ ਸੀ।