MP News: ਕਾਲਜ ’ਚ ਹੋਲੀ ਪ੍ਰੋਗਰਾਮ ਦੀ ਇਜਾਜ਼ਤ ਨਾ ਮਿਲਣ ’ਤੇ ਪ੍ਰੋਫ਼ੈਸਰਾਂ ਨੂੰ ਬਣਾਇਆ ‘ਬੰਧਕ’ 

ਏਜੰਸੀ

ਖ਼ਬਰਾਂ, ਰਾਸ਼ਟਰੀ

MP News: ਵਿਦਿਆਰਥੀ ਨੇਤਾਵਾਂ ਨੇ ਕੀਤੀ ਨਾਹਰੇਬਾਜ਼ੀ, ਪ੍ਰਸ਼ਾਸਨ ਨੇ ਦਿਤੇ ਜਾਂਚ ਦੇ ਹੁਕਮ 

Professors held ‘hostage’ after Holi program not allowed in college

 

MP News: ਇੰਦੌਰ ਦੇ ਇਕ ਵੱਕਾਰੀ ਕਾਲਜ ਵਿਚ ਹੋਲੀ ਪ੍ਰੋਗਰਾਮ ਆਯੋਜਤ ਕਰਨ ਦੀ ਇਜਾਜ਼ਤ ਨਾ ਮਿਲਣ ਤੋਂ ਨਾਰਾਜ਼ ਵਿਦਿਆਰਥੀ ਨੇਤਾਵਾਂ ਨੇ ਇਸ ਸੰਸਥਾ ਦੇ ਹਾਲ ਦੇ ਦਰਵਾਜ਼ੇ ਬੰਦ ਕਰ ਕੇ ਪ੍ਰੋਫ਼ੈਸਰਾਂ ਨੂੰ ਕਥਿਤ ਤੌਰ ’ਤੇ ਬੰਧਕ ਬਣਾ ਲਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਮਾਮਲਾ ਤੇਜ਼ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ।

ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸੋਮਵਾਰ ਨੂੰ ਸ਼ਹਿਰ ਦੇ ਸਰਕਾਰੀ ਹੋਲਕਰ ਸਾਇੰਸ ਕਾਲਜ ਵਿਚ ਵਾਪਰੀ, ਜਦੋਂ ਨਾਰਾਜ਼ ਵਿਦਿਆਰਥੀ ਆਗੂਆਂ ਨੇ ਹੋਲੀ ਪ੍ਰੋਗਰਾਮ ਦੀ ਇਜਾਜ਼ਤ ਨਾ ਮਿਲਣ ਕਾਰਨ ਸੰਸਥਾ ਦੇ ਇਕ ਹਾਲ ਦਾ ਦਰਵਾਜ਼ਾ ਬੰਦ ਕਰ ਦਿਤਾ ਅਤੇ ਬਿਜਲੀ ਸਪਲਾਈ ਵੀ ਕੱਟ ਦਿਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਗੂਆਂ ਦੇ ਹੰਗਾਮੇ ਅਤੇ ਨਾਹਰੇਬਾਜ਼ੀ ਦੌਰਾਨ ਕਾਲਜ ਦੇ ਕਈ ਪ੍ਰੋਫ਼ੈਸਰ ਕਰੀਬ ਅੱਧਾ ਘੰਟਾ ਹਾਲ ਵਿਚ ਬੰਦ ਰਹੇ। ਅਧਿਕਾਰੀਆਂ ਮੁਤਾਬਕ ਬਾਅਦ ’ਚ ਇਕ ਕਰਮਚਾਰੀ ਨੇ ਕਿਸੇ ਤਰ੍ਹਾਂ ਖਿੜਕੀ ਰਾਹੀਂ ਬਾਹਰ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਕਿ ਪ੍ਰੋਫ਼ੈਸਰ ਹਾਲ ’ਚੋਂ ਬਾਹਰ ਆ ਸਕੇ। ਜ਼ਿਲ੍ਹਾ ਮੈਜਿਸਟਰੇਟ ਅਸ਼ੀਸ਼ ਸਿੰਘ ਨੇ ਇਸ ਘਟਨਾ ਨੂੰ ਬਹੁਤ ਗੰਭੀਰ ਦੱਸਦਿਆਂ ਪੱਤਰਕਾਰਾਂ ਨੂੰ ਦਸਿਆ ਕਿ ਕਾਲਜ ਪ੍ਰਿੰਸੀਪਲ ਡਾ: ਅਨਾਮਿਕਾ ਜੈਨ ਦੀ ਸ਼ਿਕਾਇਤ ’ਤੇ ਵਧੀਕ ਜ਼ਿਲ੍ਹਾ ਮੈਜਿਸਟਰੇਟ (ਏ.ਡੀ.ਐਮ.) ਨੂੰ ਜਾਂਚ ਦੇ ਹੁਕਮ ਦਿਤੇ ਗਏ ਹਨ।