ਮੇਘਾਲਿਆ 'ਚ ਹੜ੍ਹ ਆਉਣ ਨਾਲ 3 ਮੌਤਾਂ
ਮੇਘਾਲਿਆ 'ਚ ਪਿਛਲੇ 3 ਦਿਨਾਂ ਤੋਂ ਭਾਰੀ ਮੀਂਹ ਕਾਰਨ ਹੜ੍ਹ ਜਿਹੇ ਹਾਲਾਤ ਬਣ ਗਏ ਹਨ ਅਤੇ ਸ਼ਿਲਾਂਗ 'ਚ ਯੂਕੇਲਿਪਟਸ ਦਾ ਪੁਰਾਣਾ ਦਰੱਖਤ ਡਿੱਗਣ ਨਾਲ ਸ਼ਨੀਵਾਰ ਸ਼ਾਮ 3 ਲੋਕਾਂ ਦੀ
ਸ਼ਿਲਾਂਗ: ਮੇਘਾਲਿਆ 'ਚ ਪਿਛਲੇ 3 ਦਿਨਾਂ ਤੋਂ ਭਾਰੀ ਮੀਂਹ ਕਾਰਨ ਹੜ੍ਹ ਜਿਹੇ ਹਾਲਾਤ ਬਣ ਗਏ ਹਨ ਅਤੇ ਸ਼ਿਲਾਂਗ 'ਚ ਯੂਕੇਲਿਪਟਸ ਦਾ ਪੁਰਾਣਾ ਦਰੱਖਤ ਡਿੱਗਣ ਨਾਲ ਸ਼ਨੀਵਾਰ ਸ਼ਾਮ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ।
ਸੂਤਰਾਂ ਮੁਤਾਬਕ ਸੂਬੇ ਦੇ ਦੱਖਣੀ ਅਤੇ ਪੱਛਮੀ ਗਾਰੋ ਜ਼ਿਲ੍ਹਿਆਂ 'ਚ ਹੜ ਕਾਰਨ ਲਗਭਗ 800 ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਵੀਰਵਾਰ ਤੋਂ ਭਾਰੀ ਮੀਂਹ ਕਾਰਨ ਦੱਖਣੀ ਅਤੇ ਪੱਛਮੀ ਗਾਰੋ ਜ਼ਿਲ੍ਹਿਆਂ 'ਚ ਹੜ੍ਹ ਦੀ ਸਥਿਤੀ ਬਣ ਗਈ ਹੈ ਅਤੇ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਰਾਹਤ ਕੈਂਪਾਂ 'ਚ ਜਾਣਾ ਪੈ ਰਿਹਾ ਹੈ। ਹੜ੍ਹ ਨਾਲ ਕੁਰਕੋਲ, ਦੀਮਾਪਾਰਾ ਅਤੇ ਗਾਸੂਆਪਰਾ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।
ਪੂਰਬੀ ਜ਼ਿਲ੍ਹੇ ਦੇ ਪੁਲਿਸ ਇੰਚਾਰਜ ਡੇਵਿਸ ਮਾਰਾਕ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਇੱਥੇ ਰਾਜਭਵਨ ਨੇੜੇ 3 ਵਾਹਨਾਂ 'ਤੇ ਯੂਕੇਲਿਪਟਸ ਦਾ ਇਕ ਪੁਰਾਣਾ ਦਰੱਖਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ। ਮ੍ਰਿਤਕਾਂ 'ਚ ਇਕ ਮਹਿਲਾ ਸ਼ਾਮਿਲ ਹੈ। ਇਹ ਦਰੱਖਤ ਕਾਫੀ ਪੁਰਾਣਾ ਸੀ ਅਤੇ ਇਸ ਦੇ ਨੇੜੇ ਬਿਜਲੀ ਦੇ ਖੰਬੇ ਲਗਾਉਣ ਕਾਰਨ ਕੀਤੀ ਗਈ ਖੁਦਾਈ ਅਤੇ ਮੀਂਹ ਕਾਰਨ ਜੜ੍ਹਾਂ ਢਿੱਲੀਆਂ ਹੋ ਜਾਣ ਕਾਰਨ ਇਹ ਇਨ੍ਹਾਂ ਵਾਹਨਾਂ 'ਤੇ ਡਿੱਗ ਗਿਆ। ਜਾਣਕਾਰੀ ਮੁਤਾਬਿਕ ਇਨ੍ਹਾਂ ਤਿੰਨਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।