ਬੀਰਭੂਮ ਹਿੰਸਾ : ਲੋਕਾਂ ਨਾਲ ਹੋਈ ਬੇਰਹਿਮੀ 'ਤੇ ਰਾਜ ਸਭਾ ਵਿਚ ਬੋਲਦਿਆਂ ਰੋ ਪਏ ਰੂਪਾ ਗਾਂਗੁਲੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਆਗੂ ਨੇ ਪੱਛਮੀ ਬੰਗਾਲ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਕੀਤੀ ਮੰਗ 

Rupa Ganguly

ਬੀਰਭੂਮ : ਪੱਛਮੀ ਬੰਗਾਲ ਦੇ ਬੀਰਭੂਮ 'ਚ ਕਥਿਤ ਹਿੰਸਾ ਦੇ ਮੁੱਦੇ 'ਤੇ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਹੰਗਾਮਾ ਹੋਇਆ, ਜਿਸ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਇਸ ਦੌਰਾਨ ਭਾਜਪਾ ਆਗੂ ਰੂਪਾ ਗਾਂਗੁਲੀ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ ਅਤੇ ਭਾਵੁਕ ਹੋ ਕੇ ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਕੀਤੀ। ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਅਤੇ ਹੰਗਾਮਾ ਸ਼ੁਰੂ ਹੋ ਗਿਆ।

ਇਸ ਦੌਰਾਨ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਹੰਗਾਮੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣਾ ਮੁੱਦਾ ਚੁੱਕਿਆ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਸਕੀ। ਡਿਪਟੀ ਚੇਅਰਮੈਨ ਨੇ ਪ੍ਰਦਰਸ਼ਨ ਕਰ ਰਹੇ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦੇ ਸ਼ਬਦਾਂ ਦਾ ਕੋਈ ਅਸਰ ਨਾ ਦੇਖਦਿਆਂ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।

ਇਸ ਤੋਂ ਪਹਿਲਾਂ, ਗਾਂਗੁਲੀ ਨੇ ਬੰਗਾਲ ਹਿੰਸਾ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਪੱਛਮੀ ਬੰਗਾਲ ਬਾਰੇ ਜੋ ਉਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ, ਉਸ 'ਤੇ ਚਰਚਾ ਕਰਦੇ ਹੋਏ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਰਭੂਮ ਜ਼ਿਲ੍ਹੇ ਵਿੱਚ ਦੋ ਬੱਚਿਆਂ ਸਮੇਤ ਅੱਠ ਲੋਕ ਸੜ ਗਏ। ਉਨ੍ਹਾਂ ਕਿਹਾ ਕਿ ਸੂਬੇ ਦੀ ਪੁਲਿਸ ’ਤੇ ਕਿਸੇ ਨੂੰ ਭਰੋਸਾ ਨਹੀਂ ਹੈ।

ਗਾਂਗੁਲੀ ਨੇ ਕਿਹਾ, ''ਝਾਲਦਾ 'ਚ ਕੌਂਸਲਰ ਦੀ ਮੌਤ ਹੋ ਗਈ... ਸੱਤ ਦਿਨਾਂ ਦੇ ਅੰਦਰ 26 ਕਤਲ ਹੋਏ... 26 ਸਿਆਸੀ ਕਤਲ... ਅੱਗ ਨਾਲ ਸਾੜ ਕੇ ਖਤਮ ਕਰ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਪਹਿਲਾਂ ਸਾਰਿਆਂ ਦੇ ਹੱਥ-ਪੈਰ ਤੋੜੇ ਗਏ ਅਤੇ ਫਿਰ ਕਮਰੇ 'ਚ ਬੰਦ ਕਰਕੇ ਸਾੜ ਦਿੱਤਾ ਗਿਆ। ਉਨ੍ਹਾਂ ਨੇ ਅੱਗੇ ਕਿਹਾ, “ਉੱਥੇ ਲੋਕ ਇੱਕ-ਇੱਕ ਕਰਕੇ ਦੌੜ ਰਹੇ ਹਨ। ਉਥੋਂ ਦੇ ਲੋਕ ਜ਼ਿੰਦਾ ਰਹਿਣ ਦੀ ਸਥਿਤੀ ਵਿਚ ਨਹੀਂ ਹਨ।

ਪੱਛਮੀ ਬੰਗਾਲ ਭਾਰਤ ਦਾ ਇੱਕ ਹਿੱਸਾ ਹੈ। ਅਸੀਂ ਉੱਥੇ ਰਾਸ਼ਟਰਪਤੀ ਸ਼ਾਸਨ ਚਾਹੁੰਦੇ ਹਾਂ। ਸਾਨੂੰ ਜਿਊਣ ਦਾ ਹੱਕ ਹੈ। ਪੱਛਮੀ ਬੰਗਾਲ ਵਿੱਚ ਪੈਦਾ ਹੋਣਾ ਕੋਈ ਅਪਰਾਧ ਨਹੀਂ ਹੈ। ਇਹ ਕੋਈ ਅਪਰਾਧ ਨਹੀਂ ਹੋ ਸਕਦਾ।'' ਅਤੇ ਇਹ ਕਹਿੰਦੇ ਹੋਏ ਰੂਪਾ ਗਾਂਗੁਲੀ ਸਦਨ 'ਚ ਹੀ ਉੱਚੀ-ਉੱਚੀ ਰੋਣ ਲੱਗ ਪਈ।