ਆਸਾਰਾਮ ਬਲਾਤਕਾਰ ਕੇਸ ਦਾ ਫ਼ੈਸਲਾ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਸੂਬਿਆਂ 'ਚ ਸੁਰੱਖਿਆ ਵਧਾਈ ਗਈ

Asaram

ਕੇਂਦਰ ਨੇ ਆਸਾਰਾਮ ਵਿਰੁਧ ਜੋਧਪੁਰ ਦੀ ਅਦਾਲਤ ਵਿਚ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਰਾਜਸਥਾਨ, ਗੁਜਰਾਤ ਅਤੇ ਹਰਿਆਣਾ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿਤੇ ਹਨ। ਗ੍ਰਹਿ ਮੰਤਰਾਲੇ ਨੇ ਇਕ ਸੰਦੇਸ਼ ਜਾਰੀ ਕਰ ਕੇ ਤਿੰਨ ਸੂਬਿਆਂ ਵਿਚ ਸੁਰੱਖਿਆ ਮਜ਼ਬੂਤ ਕਰਨ ਲਈ ਕਿਹਾ ਹੈ। ਨਾਲ ਹੀ ਕਿਹਾ ਹੈ ਕਿ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਕੋਈ ਵੀ ਹਿੰਸਾ ਨਾ ਫੈਲਾਏ। ਇਨ੍ਹਾਂ ਤਿੰਨ ਸੂਬਿਆਂ ਵਿਚ ਆਸਾਰਾਮ ਦੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਨ ਜਿਸ ਕਰ ਕੇ ਉਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।ਹੇਠਲੀ ਅਦਾਲਤ ਦੁਆਰਾ ਬਲਾਤਕਾਰ ਮਾਮਲੇ ਵਿਚ ਆਸਾਰਾਮ 'ਤੇ ਬੁੱਧਵਾਰ ਨੂੰ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਸ਼ਹਿਰ ਵਿਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਹਿਰ ਵਿਚ ਧਾਰਾ 144 ਲਾਗੂ ਕਰ ਦਿਤੀ ਗਈ ਹੈ। ਰਾਜਸਥਾਨ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਹੇਠਲੀ ਅਦਾਲਤ ਮਾਮਲੇ  ਦੇ ਸਿਲਸਿਲੇ ਵਿਚ ਜੋਧਪੁਰ ਸੈਂਟਰਲ ਜੇਲ੍ਹ ਕੰਪਲੈਕਸ 'ਚੋਂ ਅਪਣਾ ਫ਼ੈਸਲਾ ਸੁਣਾਵੇਗੀ। ਕਾਨੂੰਨ ਤੇ ਵਿਵਸਥਾ ਲਈ ਆਸਾਰਾਮ ਦੇ ਪੈਰੋਕਾਰਾਂ ਨੂੰ ਖ਼ਤਰਾ ਮੰਨਦੇ ਹੋਏ ਪੁਲਿਸ ਨੇ ਪਾਬੰਦੀਆਂ ਲਾਗੂ ਕਰ ਦਿਤੀਆਂ ਹਨ। 

ਡੀਆਈਜੀ (ਜੇਲ੍ਹ) ਵਿਕਰਮ ਸਿੰਘ ਨੇ ਦਸਿਆ ਕਿ ਅਸੀਂ ਫ਼ੈਸਲਾ ਸੁਣਾਉਣ ਵਾਲੇ ਦਿਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਜੇਲ੍ਹ ਇਮਾਰਤ ਵਿਚ ਅਦਾਲਤ ਦੇ ਕਰਮਚਾਰੀਆਂ ਸਮੇਤ ਮੈਜਿਸਟਰੇਟ, ਆਸਾਰਾਮ ਤੇ ਸਹਿ ਦੋਸ਼ੀ, ਬਚਾਅ ਤੇ ਪ੍ਰੌਸੀਕਿਉਸ਼ਨ ਪੱਖ ਦੇ ਵਕੀਲ ਮੌਜ਼ੂਦ ਰਹਿਣਗੇ। ਵਿਸ਼ੇਸ ਅਦਾਲਤ ਵਿਚ ਐਸਸੀ/ਐਸਟੀ ਮਾਮਲਿਆਂ 'ਤੇ 7 ਅਪ੍ਰੈਲ ਨੂੰ ਆਖਰੀ ਦਲੀਲਾਂ ਪੂਰੀਆਂ ਹੋਈਆਂ ਸਨ ਤੇ ਅਦਾਲਤ ਨੇ ਫ਼ੈਸਲਾ ਸੁਣਾਉਣ ਲਈ 25 ਅਪ੍ਰੈਲ ਦੀ ਤਾਰੀਕ ਤੈਅ ਕੀਤੀ ਸੀ। ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਇਕ ਨਾਬਾਲਗ ਲੜਕੀ ਦੀ ਸ਼ਿਕਾਇਤ 'ਤੇ ਆਸਾਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿਚ ਆਸਾਰਾਮ ਦੇ ਆਸ਼ਰਮ ਵਿਚ ਪੜ੍ਹਾਈ ਕਰ ਰਹੀ ਸੀ। ਪੀੜਤ ਲੜਕੀ ਨੇ ਦੋਸ਼ ਲਗਾਇਆ ਸੀ ਕਿ ਆਸਾਰਾਮ ਨੇ ਜੋਧਪੁਰ ਦੇ ਮਨਾਈ ਇਲਾਕੇ ਵਿਚ ਸਥਿਤ ਅਪਣੇ ਆਸ਼ਰਮ ਵਿਚ ਉਸ ਨੂੰ ਬੁਲਾਇਆ ਤੇ 15 ਅਗਸਤ 2013 ਦੀ ਰਾਤ ਉਸ ਨਾਲ ਬਲਾਤਕਾਰ ਕੀਤਾ। ਆਸਾਰਾਮ ਨੂੰ ਇੰਦੌਰ ਵਿਚ ਗ੍ਰਿਫ਼ਤਾਰ ਕੀਤਾ ਸੀ। ਤੇ ਇਕ ਸਤੰਬਰ 2013 ਨੂੰ ਜੋਧਪੁਰ ਲਿਆਂਦਾ ਗਿਆ ਸੀ। ਉਹ ਦੋ ਸਤੰਬਰ 2013 ਤੋਂ ਹੀ ਹਿਰਾਸਤ ਵਿਚ ਹੈ। ਡੀਸੀਪੀ ਅਮਨਦੀਪ ਸਿੰਘ ਨੇ ਦਸਿਆ ਕਿ ਉਸ ਨੇ 21 ਅਪ੍ਰੈਲ ਤੋਂ ਸ਼ਹਿਰ ਵਿਚ ਸੀਆਰਪੀਸੀ ਦੀ ਧਾਰਾ 144 ਲਗਾ ਦਿਤੀ ਹੈ ਤੇ ਇਹ 30 ਅਪ੍ਰੈਲ ਤਕ ਜਾਰੀ ਰਹੇਗੀ। ਇਸ ਤੋਂ ਇਲਾਵਾ ਅਸੀਂ ਸ਼ਹਿਰ ਵਿਚ ਆਸਾਰਾਮ ਦੇ ਆਸ਼ਰਮਾਂ 'ਤੇ ਨੇੜਿਉਂ ਨਜ਼ਰ ਰਖ ਰਹੇ ਹਨ ਤੇ ਸਾਰੇ ਹੋਟਲਾਂ ਤੇ ਗੈਸਟ ਹਾਊਸ ਦੇ ਨਾਲ-ਨਾਲ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਦੀ ਜਾਂਚ ਕਰ ਰਹੇ ਹਨ। ਸਿੰਘ ਦੇ ਦਸਿਆ ਕਿ ਅਸੀਂ ਫ਼ੈਸਲੇ ਵਾਲੇ ਦਿਨ ਜੇਲ੍ਹ ਨੂੰ ਸੀਲ ਕਰ ਦੇਵਾਂਗੇ ਤੇ ਕਿਸੇ ਨੂੰ ਵੀ ਜੇਲ੍ਹ ਇਮਾਰਤ ਦੇ ਨੇੜੇ ਆਉਣ ਦੀ ਵੀ ਆਗਿਆ ਨਹੀਂ ਦਿਤੀ ਜਾਵੇਗੀ।   (ਏਜੰਸੀਆਂ)