ਲਿਫ਼ਟ ਦੇਣ ਦੇ ਬਹਾਨੇ ਜਮਾਤੀ ਵਲੋਂ ਦੋਸਤਾਂ ਨਾਲ ਮਿਲ ਕੇ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨੇ ਮੁਲਜ਼ਮ ਘੰਟਿਆਂ ਤਕ ਨਾਬਾਲਗ਼ ਲੜਕੀ ਨੂੰ ਸ਼ਹਿਰ ਦੀਆਂ ਸੜਕਾਂ 'ਤੇ ਘੁੰਮਾਉਂਦੇ ਰਹੇ

Rape

 ਦੇਸ਼ ਭਰ ਵਿਚ ਨਾਬਾਲਗ ਲੜਕੀਆਂ ਨਾਲ ਹੋਣ ਵਾਲੇ ਯੌਨ ਸੋਸ਼ਣ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ, ਹਾਲਾਂਕਿ ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਸਰਕਾਰ ਨੇ ਬਲਾਤਕਾਰ ਵਿਰੁਧ ਕਾਨੂੰਨ ਨੂੰ ਹੋਰ ਸਖ਼ਤ ਬਣਾਇਆ ਹੈ ਪਰ ਉਹ ਵੀ ਕਾਰਗਰ ਸਾਬਤ ਨਹੀਂ ਹੋ ਰਿਹਾ ਹੈ। ਤਾਜ਼ਾ ਮਾਮਲਾ ਗ੍ਰੇਟਰ ਨੋਇਡਾ ਦਾ ਹੈ, ਜਿਥੇ ਇਕ ਨਾਮੀ ਪ੍ਰਾਈਵੇਟ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਕਾਰ ਵਿਚ ਤਿੰਨ ਲੋਕਾਂ ਨੇ ਬੰਦੀ ਬਣਾ ਕੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ।ਮੁਲਜ਼ਮਾਂ ਵਿਚ ਸ਼ਾਮਲ ਇਕ ਮੁੰਡਾ ਪੀੜਤਾ ਦਾ ਹਮਜਮਾਤੀ ਹੈ। ਇਹ ਤਿੰਨੇ ਮੁਲਜ਼ਮ ਘੰਟਿਆਂ ਤਕ ਨਾਬਾਲਗ਼ ਲੜਕੀ ਨੂੰ ਸ਼ਹਿਰ ਦੀਆਂ ਸੜਕਾਂ 'ਤੇ ਘੁੰਮਾਉਂਦੇ ਰਹੇ ਅਤੇ ਦੇਰ ਰਾਤ ਮੁਲਜ਼ਮ ਵਿਦਿਆਰਥਣ ਨੂੰ ਕਾਲਜ ਦੇ ਨਾਲੇਜ਼ ਪਾਰਕ ਵਿਚ ਸੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਸਮੂਹਕ ਬਲਾਤਕਾਰ ਦਾ ਕੇਸ ਦਰਜ ਕਰ ਲਿਆ ਹੈ ਪਰ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ 'ਚੋਂ ਬਾਹਰ ਹਨ। ਪੁਲਿਸ ਮੁਤਾਬਕ 18 ਅਪ੍ਰੈਲ ਨੂੰ ਲੜਕੀ ਦੀ ਸਕੂਲ ਬੱਸ ਛੁਟ ਗਈ ਸੀ, ਜਿਸ ਤੋਂ ਬਾਅਦ ਉਹ ਪੈਦਲ ਘਰ ਜਾ ਰਹੀ ਸੀ। ਇਸੇ ਦੌਰਾਨ ਪੀੜਤਾ ਦਾ ਹਮਜਮਾਤੀ ਅੰਕਿਤ ਦੋ ਹੋਰ ਨੌਜਵਾਨਾਂ ਦੇ ਨਾਲ ਕਾਰ ਲੈ ਕੇ ਉਥੇ ਪਹੁੰਚ ਗਿਆ ਅਤੇ ਘਰ ਛੱਡਣ ਦੀ ਗੱਲ ਕਹਿ ਕੇ ਉਸ ਨੂੰ ਕਾਰ ਵਿਚ ਬਿਠਾ ਲਿਆ। ਵਿਦਿਆਰਥਣ ਦਾ ਦੋਸ਼ ਹੈ ਕਿ ਕਾਰ ਵਿਚ ਬੰਦੀ ਬਣਾ ਕੇ ਮੁਲਜ਼ਮਾਂ ਨੇ ਉਸ ਦਾ ਮੂੰਹ ਬੰਦ ਕਰ ਲਿਆ ਅਤੇ ਚਲਦੀ ਕਾਰ ਵਿਚ ਤਿੰਨਾਂ ਨੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ।

ਉਹ ਪੁਲਿਸ ਨੂੰ 18-19 ਅਪ੍ਰੈਲ ਦੀ ਰਾਤ ਕਰੀਬ 2 ਵਜੇ ਨਾਲੇਜ਼ ਪਾਰਕ ਸਥਿਤ ਗਲਗੋਟੀਆ ਕਾਲਜ ਕੋਲ ਸੁੰਨਸਾਨ ਸੜਕ 'ਤੇ ਮਿਲੀ। ਉਥੇ ਗਸ਼ਤ ਕਰ ਰਹੀ ਨਾਲੇਜ ਪਾਰਕ ਪੁਲਿਸ ਦੀ ਪੀਸੀਆਰ ਨੇ ਵਿਦਿਆਰਥਣ ਨੂੰ ਇਕੱਲੀ ਦੇਖ ਪੁਛਗਿਛ ਕੀਤੀ ਤਾਂ ਵਿਦਿਆਰਥਣ ਨੇ ਸਾਰੀ ਗੱਲ ਦੱਸੀ। ਉਸੇ ਦਿਨ ਸ਼ਾਮ 3 ਵਜੇ ਤਕ ਜਦੋਂ ਬੇਟੀ ਘਰ ਨਹੀਂ ਪਹੁੰਚੀ ਤਾਂ ਪਰਵਾਰ ਵਾਲਿਆਂ ਨੇ ਭਾਲ ਸ਼ੁਰੂ ਕੀਤੀ। ਸਕੂਲ ਤੋਂ ਪਤਾ ਚਲਿਆ ਕਿ ਵਿਦਿਆਰਥਣ ਚਲੀ ਗਈ ਹੈ। ਬਾਅਦ ਵਿਚ ਪਰਿਵਾਰ ਵਾਲਿਆਂ ਨੇ ਗ੍ਰੇਟਰ ਨੋਇਡਾ ਕੋਤਵਾਲੀ ਵਿਚ ਅਗਵਾ ਦੀ ਸ਼ਿਕਾਇਤ ਦਰਜ ਕਰਵਾਈ। ਗ੍ਰੇਟਰ ਨੋਇਡਾ ਦੇ ਡੀਐਸਪੀ ਅਵਨੀਸ਼ ਕੁਮਾਰ ਨੇ ਦਸਿਆ ਕਿ ਵਿਦਿਆਰਥਣ ਦੇ ਬਿਆਨ ਦੇ ਆਧਾਰ 'ਤੇ ਸਮੂਹਕ ਬਲਾਤਕਾਰ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਰਿਪੋਰਟ ਦਰਜ ਕਰ ਲਈ ਗਈ ਹੈ। ਸਾਰੇ ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।(ਏਜੰਸੀ)