ਜੰਮੂ-ਕਸ਼ਮੀਰ ’ਚ ਇਸ ਸਾਲ ਹੁਣ ਤਕ 50 ਅਤਿਵਾਦੀ ਮਾਰੇ ਗਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ’ਚ ਇਸ ਸਾਲ ਹੁਣ ਤਕ ਅਤਿਵਾਦੀਆਂ ਵਿਰੁਧ ਸੁਰੱਖਿਆ ਫ਼ੋਰਸਾਂ ਦੀਆਂ ਮੁਹਿੰਮਾਂ ’ਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਕਈ ਸੀਨੀਅਰ ਕਮਾਂਡਰਾਂ

File Photo

ਜੰਮੂ, 24 ਅਪ੍ਰੈਲ : ਜੰਮੂ-ਕਸ਼ਮੀਰ ’ਚ ਇਸ ਸਾਲ ਹੁਣ ਤਕ ਅਤਿਵਾਦੀਆਂ ਵਿਰੁਧ ਸੁਰੱਖਿਆ ਫ਼ੋਰਸਾਂ ਦੀਆਂ ਮੁਹਿੰਮਾਂ ’ਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ ਕਈ ਸੀਨੀਅਰ ਕਮਾਂਡਰਾਂ ਸਮੇਤ 50 ਅਤਿਵਾਦੀ ਮਾਰੇ ਗਏ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅਤਿਵਾਦੀਆਂ ਵਿਰੁਧ ਮੁਹਿੰਮਾਂ ’ਚ ਸੁਰੱਖਿਆ ਫ਼ੋਰਸਾਂ ਦੇ 17 ਜਵਾਨ ਸ਼ਹੀਦ ਹੋਏ ਹਨ। ਅਧਿਕਾਰੀਆਂ ਨੇ ਦਸਿਆ ਕਿ ਅਤਿਵਾਦੀਆਂ ਨੇ ਪਿਛਲੇ ਚਾਰ ਮਹੀਨਿਆਂ ’ਚ 9 ਆਮ ਨਾਗਰਿਕਾਂ ਦਾ ਕਤਲ ਕੀਤਾ ਹੈ।

ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਮਾਰੇ ਗਏ 18 ਅਤਿਵਾਦੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਬੰਦ ਦੌਰਾਨ ਮਾਰੇ ਗਏ ਹਨ। ਅਧਿਕਾਰੀ ਨੇ ਦਸਿਆ ਕਿ 15 ਮਾਰਚ ਨੂੰ ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਦਿਆਲਗਾਮ ਇਲਾਕੇ ’ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ‘ਚ ਲਸ਼ਕਰ ਦੇ ਜ਼ਿਲਾ ਕਮਂਡਰ ਮੁਜ਼ੱਫਰ ਅਹਿਮਦ ਭੱਟ ਸਮੇਤ ਚਾਰ ਅਤਿਵਾਦੀ ਮਾਰੇ ਗਏ ਸਨ।

ਉਨ੍ਹਾਂ ਦਸਿਆ ਕਿ 25 ਜਨਵਰੀ ਨੂੰ ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ੍ਹ ਦੇ ਤਰਾਲ ਇਲਾਕੇ ’ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ ਤਿੰਨ ਅਤਿਵਾਦੀ ਮਾਰੇ ਗਏ ਸਨ, ਜਿਸ ’ਚ ਜੈਸ਼-ਏ-ਮੁਹੰਮਦ ਦਾ ਮੁਖੀ ਕਾਰੀ ਯਾਸਿਰ ਸ਼ਾਮਲ ਹੈ। ਅਧਿਕਾਰੀ ਨੇ ਕਿਹਾ ਕਿ 23 ਜਨਵਰੀ ਨੂੰ ਇਕ ਹੋਰ ਅਤਿਵਾਦੀ ਕਮਾਂਡਰ ਅਬੂ ਸੈਫੁੱਲਾ ਉਰਫ਼ ਅੱਬੂ ਕਾਸਿਮ, ਪੁਲਵਾਮਾ ‘ਚ ਮਾਰਿਆ ਗਿਆ। ਉਨ੍ਹਾਂ ਕਿਹਾ ਕਿ 9 ਅਪ੍ਰੈਲ ਨੂੰ ਉਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ੍ਹ ਦੇ ਸੋਪੋਰ ’ਚ ਸੁਰੱਖਿਆ ਫ਼ੋਰਸਾਂ ਨੇ ਜੈਸ਼-ਏ-ਮੁਹੰਮਦ ਦੇ ਕਮਾਂਡਰ ਸੱਜਾਦ ਨਵਾਬ ਡਾਰ ਨੂੰ ਢੇਰ ਕਰ ਦਿਤਾ ਸੀ।

ਉਨ੍ਹਾਂ ਦਸਿਆ ਕਿ ਇਸ ਸਾਲ ਅਤਿਵਾਦੀਆਂ ਨੇ 9 ਆਮ ਨਾਗਰਿਕਾਂ ਦਾ ਕਤਲ ਕਰ ਦਿਤਾ। ਉਨ੍ਹਾਂ ਦਸਿਆ ਕਿ ਇਸ ਦੌਰਾਨ ਸੁਰੱਖਿਆ ਫ਼ੋਰਸ ਦੇ 17 ਜਵਾਨ ਸ਼ਹੀਦ ਹੋ ਗਏ, ਜਿਸ ’ਚ 13 ਸੁਰੱਖਿਆ ਕਰਮਚਾਰੀ, ਤਿੰਨ ਵਿਸ਼ੇਸ਼ ਪੁਲਿਸ ਅਧਿਕਾਰੀ (ਐਸ.ਪੀ.ਓ.) ਅਤੇ ਇਕ ਪੁਲਿਸ ਕਰਮਚਾਰੀ ਸ਼ਾਮਲ ਹਨ। ਪੁਲਿਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਪਹਿਲਾਂ ਦਸਿਆ ਸੀ ਕਿ ਪਿਛਲੇ ਸਾਲ ਜੰਮੂ-ਕਸ਼ਮੀਰ ’ਚ 160 ਅਤਿਵਾਦੀ ਮਾਰੇ ਗਏ ਸਨ ਅਤੇ 102 ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। (ਏਜੰਸੀ)