ਜਣੇਪੇ ਤੋਂ ਬਾਅਦ ਜਾਂਚ ਦੌਰਾਨ ਔਰਤ ਨਿਕਲੀ ਕੋਰੋਨਾ ਪਾਜ਼ੇਟਿਵ, ਆਪ੍ਰੇਸ਼ਨ ਕਰਨ ਵਾਲੀ ਟੀਮ ਕੁਆਰੰਟੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਆਯੁਰਵਿਗਿਆਨ ਯੂਨੀਵਰਸਿਟੀ ਸੈਫ਼ਈ ’ਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਥੇ ਫ਼ਿਰੋਜ਼ਾਬਾਦ ਤੋਂ ਆਈ ਗਰਭਵਤੀ ਦਾ ਆਪ੍ਰੇਸ਼ਨ ਕਰ

File Photo

ਇਟਾਵਾ, 24 ਅਪ੍ਰੈਲ : ਉਤਰ ਪ੍ਰਦੇਸ਼ ਆਯੁਰਵਿਗਿਆਨ ਯੂਨੀਵਰਸਿਟੀ ਸੈਫ਼ਈ ’ਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਥੇ ਫ਼ਿਰੋਜ਼ਾਬਾਦ ਤੋਂ ਆਈ ਗਰਭਵਤੀ ਦਾ ਆਪ੍ਰੇਸ਼ਨ ਕਰ ਕੇ ਜਣੇਪਾ ਕਰਵਾਇਆ ਗਿਆ। ਇਸ ਤੋਂ ਬਾਅਦ ਹੋਈ ਜਾਂਚ ’ਚ ਉਹ ਕੋਰੋਨਾ ਪਾਜ਼ੇਟਿਵ ਨਿਕਲੀ ਤਾਂ ਸਾਰਿਆਂ ਨੂੰ ਭਾਜੜਾਂ ਪੈ ਗਈਆਂ।

ਇਸ ਦੌਰਾਨ ਔਰਤ ਦੇ ਪਰਵਾਰ ਵਾਲੇ ਆਰਾਮ ਨਾਲ ਕੰਪਲੈਕਸ ’ਚ ਘੁੰਮਦੇ ਰਹੇ। ਹੁਣ ਔਰਤ ਨੂੰ ਕੋਵਿਡ-19 ਦੇ ਆਈਸੋਲੇਸ਼ਨ ਵਾਰਡ ’ਚ ਭਰਤੀ ਕਰਨ ਦੇ ਨਾਲ ਹੀ ਬੱਚੇ ਦਾ ਵੀ ਸੈਂਪਲ ਲਿਆ ਗਿਆ ਹੈ। ਨਾਲ ਹੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪ੍ਰੇਸ਼ਨ ਕਰਨ ਵਾਲੀ 14 ਮੈਂਬਰੀ ਟੀਮ ਨੂੰ ਯੂਨੀਵਰਸਿਟੀ ਜਦਕਿ ਇਸਤਰੀ ਤੇ ਜਣੇਪਾ ਰੋਗ ਵਿਭਾਗ ਦੇ ਕਰੀਬ ਇਕ ਦਰਜਨ ਮੁਲਾਜ਼ਮਾਂ ਨੂੰ ਹੋਮ ਕੁਆਰੰਟੀਨ ਕਰਵਾਇਆ ਹੈ।

ਫ਼ਿਰੋਜ਼ਾਬਾਦ ਦੇ ਹਾਜੀਪੁਰਾ ਪਿੰਡ ਦੀ 22 ਸਾਲਾ ਔਰਤ ਨੂੰ 21 ਅਪ੍ਰੈਲ ਦੀ ਦੁਪਹਿਰੇ ਇਸਤਰੀ ਅਤੇ ਜਣੇਪਾ ਰੋਗ ਵਿਭਾਗ ’ਚ ਦਾਖ਼ਲ ਕੀਤਾ ਗਿਆ ਸੀ। ਉਸੇ ਦਿਨ ਸ਼ਾਮ ਨੂੰ ਆਪ੍ਰੇਸ਼ਨ ਨਾਲ ਉਸ ਨੇ ਨਵਜਾਤ ਨੂੰ ਜਨਮ ਦਿਤਾ। ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਰਾਜਕੁਮਾਰ ਨੇ ਦਸਿਆ ਕਿ ਉਸੇ ਦਿਨ ਔਰਤ ਦਾ ਥ੍ਰੋਟ ਤੇ ਨੇਜ਼ਲ ਸਵਾਬ ਲਿਆ ਗਿਆ ਸੀ।

ਔਰਤ ਦੇ ਫ਼ਿਰੋਜ਼ਾਬਾਦ ਵਰਗੇ ਹੌਟਸਪੌਟ ਤੋਂ ਆਉਣ ਦੇ ਬਾਵਜੂਦ ਚੌਕਸੀ ਨਹੀਂ ਵਰਤੀ ਗਈ। ਔਰਤ ਜਾਂ ਉਸ ਦੇ ਘਰ ਵਾਲਿਆਂ ਦੀ ਥਰਮਲ ਸਕ੍ਰੀਨਿੰਗ ਨਹੀਂ ਕੀਤੀ ਗਈ। ਰਿਪੋਰਟ ਪਾਜ਼ੇਟਿਵ ਆਉਣ ’ਤੇ ਡਾਕਟਰਾਂ ਦੀ ਟੀਮ ਵੀ ਕੁਆਰੰਟੀਨ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਆਪ੍ਰੇਸ਼ਨ ਥੀਏਟਰ ਦਾ ਸਟਰਲਾਈਜ਼ੇਸ਼ਨ ਕਰਵਾਇਆ ਗਿਆ ਹੈ। ਜਣੇਪਾ ਵਿਭਾਗ ਨੂੰ ਪੀਪੀਈ ਕਿੱਟ ਦਿਤੀ ਗਈ ਹੈ। ਆਪ੍ਰੇਸ਼ਨ ਥੀਏਟਰ ’ਚ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। (ਏਜੰਸੀ)