ਤਾਲਾਬੰਦੀ ਮਗਰੋਂ ਦਿੱਲੀ ਹਵਾਈ ਅੱਡਾ ਚਾਲੂ ਕਰਨ ਦੀ ਤਿਆਰੀ ਪੂਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ ਤਾਲਾਬੰਦੀ ਮਗਰੋਂ ਸਰੀਰਕ ਦੂਰੀ ਕਾਇਮ ਰੱਖਣ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਦਿੱਲੀ ਹਵਾਈ ਅੱਡਾ

File Photo

ਨਵੀਂ ਦਿੱਲੀ, 24 ਅਪ੍ਰੈਲ: ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ ਤਾਲਾਬੰਦੀ ਮਗਰੋਂ ਸਰੀਰਕ ਦੂਰੀ ਕਾਇਮ ਰੱਖਣ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਦਿੱਲੀ ਹਵਾਈ ਅੱਡਾ ਚਾਲੂ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ। ਡਾਇਲ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਨੂੰ ਚਲਾਉਂਦੀ ਹੈ। ਇਹ ਜੀਐਮਆਰ ਸਮੂਹ ਅਤੇ ਭਾਰਤੀ ਜਹਾਜ਼ ਸੰਚਾਲਣ ਅਥਾਰਟੀ (ਏਆਈਆਈ) ਦਾ ਸਾਂਝਾ ਉਦਮ ਹੈ। ਡਾਇਲ ਨੇ ਬਿਆਨ ਜਾਰੀ ਕਰ ਕੇ ਕਿਹਾ, ‘ਹਵਾਈ ਅੱਡੇ ਦੀਆਂ ਇਮਾਰਤਾਂ ਨੂੰ ਕੀਟਾਣੂਮੁਕਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ।

ਤਾਲਾਬੰਦੀ ਮਗਰੋਂ ਯਾਤਰੀਆਂ ਅਤੇ ਮੁਲਾਜ਼ਮਾਂ ਵਿਚਾਲੇ ਸੰਪਰਕ ਨੂੰ ਘਟਾਉਣ ਲਈ ਸਰੀਰਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਇੰਤਜ਼ਾਮ ਕੀਤੇ ਗਏ ਹਨ।’ ਡਾਇਲ ਨੇ ਕਿਹਾ ਕਿ ਚੈਕ ਇਨ ਕਾਊਂਟਰ, ਸੁਰੱਖਿਆ ਜਾਂਚ ਖੇਤਰ ਅਤੇ ਜਹਾਜ਼ ’ਤੇ ਚੜ੍ਹਨ ਦੇ ਗੇਟਾਂ ’ਤੇ ਵਾਧੂ ਲੋਕਾਂ ਦੀ ਤੈਨਾਤੀ ਕੀਤੀ ਜਾਵੇਗੀ ਜੋ ਹਵਾਈ ਅੱਡੇ ਆਉਣ ਵਾਲੇ ਲੋਕਾਂ ਵਿਚਾਲੇ ਸਰੀਰਕ ਦੂਰੀ ਨਿਯਮਾਂ ਦੀ ਪਾਲਣਾ ਯਕੀਨੀ ਕਰਨਗੇ। ਸਾਰੇ ਯਾਤਰੀਆਂ ਨੂੰ ਮਾਸਕ ਪਾਉਣ ਲਈ ਕਿਹਾ ਜਾਵੇਗਾ। ਚੈਕ ਇਨ ਕਾਊਂਟਰ ਖੇਤਰ ਵਿਚ ਵਾਧੂ ਸੀਟਾਂ ਦਾ ਪ੍ਰਬੰਧ ਕੀਤਾ ਜਾਵੇਗਾ।

ਹਵਾਈ ਅੱਡੇ ਦੀ ਸਫ਼ਾਈ ਲਈ 500 ਵਿਅਕਤੀਆਂ ਦੀ ਟੀਮ ਤੈਨਾਤ ਕੀਤੀ ਗਈ ਹੈ। ਇਹ ਹਰ ਘੰਟੇ ਮਗਰੋਂ ਕੀਟਾਣੂਮੁਕਤੀ ਦਾ ਕੰਮ ਕਰਦੀ ਹੈ। ਇਸ ਤੋਂ ਇਲਾਵਾਹਰ ਰੋਜ਼ 6,08,000 ਵਰਗ ਮੀਟਰ ਖੇਤਰ ਵਿਚ ਫੈਲੇ ਕੰਪਲੈਕਸ ਦੀ ਚੰਗੀ ਤਰ੍ਹਾਂ ਸਫ਼ਾਈ ਕਰਾਈ ਜਾ ਰਹੀ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਦੇਹ ਕੁਮਾਰ ਜੈਪੁਰੀਆ ਨ ੇਕਿਹਾ, ‘ਯਾਤਰੀਆਂ ਦੀ ਸਿਹਤ ਦੀ ਸੰਭਾਲ ਵਿਚ ਡਾਇਲ ਕੋਈ ਕਸਰ ਬਾਕੀ ਨਹੀਂ ਛੱਡੇਗੀ। ਹਵਾਈ ਅੱਡੇ ਨੂੰ ਕੀਟਾਣੂਮੁਕਤ ਕਰਨ ਦਾ ਮੰਤਵ ਯਾਤਰੀਆਂ ਅਤੇ ਮੁਲਾਜ਼ਮਾਂ ਦੀ ਸਿਹਤ ਸੰਭਾਲ ਕਰਨਾ ਹੈ।’ (ਏਜੰਸੀ)