'ਮਾਨ' ਸਰਕਾਰ ਅਸਲ ਮੁੱਦਿਆਂ ਨੂੰ ਕਰ ਰਹੀ ਨਜ਼ਰਅੰਦਾਜ਼ - ਨਵਜੋਤ ਸਿੰਘ ਸਿੱਧੂ
'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਵੀ ਲਗਾਈ ਸਵਾਲਾਂ ਦੀ ਝੜੀ
CM ਮਾਨ ਦੇ ਦਿੱਲੀ ਦੌਰੇ 'ਤੇ ਨਵਜੋਤ ਸਿੰਘ ਸਿੱਧੂ ਦਾ ਤੰਜ਼
ਚੰਡੀਗੜ੍ਹ : ਪੰਜਾਬ ਦੀ ਮਾਨ ਸਰਕਾਰ ਨੂੰ ਲਗਾਤਾਰ ਸੂਬੇ ਦੀਆਂ ਵਿਰੋਧੀ ਪਾਰਟੀਆਂ ਅਤੇ ਵੱਖ-ਵੱਖ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਦੇ ਕੋਈ ਬੇਰੁਜ਼ਗਾਰੀ, ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਅਤੇ ਕਦੇ ਬਿਜਲੀ ਦੇ ਸੰਕਟ ਨੂੰ ਲੈ ਕੇ ਵਿਰੋਧੀਆਂ ਵਲੋਂ ਸਵਾਲ ਕੀਤੇ ਜਾ ਰਹੇ ਹਨ।
ਇੰਨਾ ਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜੋ ਅੱਜ ਤੋਂ ਕੀਤੇ ਜਾ ਰਹੇ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦੇ ਦੌਰੇ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਇਸ ਬਾਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਦਾ ਇਹ ਦੌਰਾ ਮਹਿਜ਼ ਚੋਣਾਂ ਵਿਚ ਲਾਹਾ ਲੈਣ ਦੇ ਚਲਦੇ ਫੋਟੋਗ੍ਰਾਫੀ ਕਰਵਾਉਣ ਲਈ ਕੀਤਾ ਜਾ ਰਿਹਾ ਹੈ।
ਸਿੱਧੂ ਨੇ ਟਵੀਟ ਕਰਦਿਆਂ ਕਿਹਾ, ''CM ਭਗਵੰਤ ਮਾਨ ਦਾ 2 ਰੋਜ਼ਾ ਦਿੱਲੀ 2 ਦਿਨਾਂ ਦੌਰਾ ਅਸਲ ਮੁੱਦਿਆਂ ਤੋਂ ਭਟਕਣਾ ਅਤੇ ਹੋਰ ਚੋਣਾਂ 'ਚ ਲਾਹਾ ਲੈਣ ਲਈ ਸਿਰਫ਼ ਫੋਟੋਗ੍ਰਾਫ਼ੀ ਕਰਵਾਉਣਾ ਹੈ।'' ਨਵਜੋਤ ਸਿੰਘ ਸਿੱਧੂ ਨੇ ਇਸ ਨੂੰ ਇਹ ਸਰਕਾਰੀ ਖਜ਼ਾਨੇ ਦੀ ਬਰਬਾਦੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਵਿੱਤੀ, ਕਿਸਾਨ ਅਤੇ ਬਿਜਲੀ ਸੰਕਟ 'ਚ ਨਿਕਲਣ ਲਈ ਨੀਤੀ ਦੀ ਲੋੜ ਹੈ। ਸਥਾਨਕ ਸਮੱਸਿਆਵਾਂ ਦੇ ਸਥਾਨਕ ਹੱਲ ਦੀ ਲੋੜ ਹੈ। ਸਿੱਧੂ ਨੇ ਕਿਹਾ ਕਿ ਆਮਦਨੀ ਪੈਦਾ ਕਰਨ ਵਿਚ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੈ।
ਇਸ ਤੋਂ ਇਲਾਵਾ ਇੱਕ ਹੋਰ ਟਵੀਟ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨ 'ਤੇ ਲਿਆ ਹੈ। ਉਨ੍ਹਾਂ ਕਿਹਾ, '' 'ਅਸੀਂ ਆਸ ਲਗਾ ਕੇ ਬੈਠੇ ਸੀ, ਤੁਸੀਂ ਵਾਅਦੇ ਕਰਕੇ ਭੁੱਲ ਗਏ'।
ਅਰਵਿੰਦ ਕੇਜਰੀਵਾਲ ਜੀ, ਕਿੱਥੇ ਹੈ ਸਾਰਿਆਂ ਲਈ ਮੁਫ਼ਤ ਬਿਜਲੀ? ਸਗੋਂ ਵਰਗ ਵੰਡ ਪੈਦਾ ਕਰ ਦਿੱਤੀ ਹੈ। ਇਸ ਵਿੱਤੀ ਸੰਕਟ ਵਿੱਚ, ਕਿਰਪਾ ਕਰਕੇ ਸਾਨੂੰ ਦੱਸੋ ਕਿ ਮੁਫ਼ਤ ਬਿਜਲੀ ਅਤੇ ਮੁਹੱਲਾ ਕਲੀਨਿਕਾਂ ਲਈ ਪੈਸਾ ਕਿੱਥੋਂ ਆਵੇਗਾ? ਰੇਤ ਮਾਈਨਿੰਗ ਤੋਂ 20 ਹਜ਼ਾਰ ਕਰੋੜ ਪੈਦਾ ਕਰਨ ਦਾ ਵਾਅਦਾ ਕਿੱਥੇ ਹੈ?''