Sikkim Landslides News: ਸਿੱਕਮ ਵਿੱਚ ਭਾਰੀ ਮੀਂਹ ਕਾਰਨ ਖਿਸਕੀ ਜ਼ਮੀਨ, 1,000 ਤੋਂ ਵੱਧ ਸੈਲਾਨੀ ਫਸੇ
Sikkim Landslides News: ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਵਿਚਕਾਰ ਸਾਰੇ ਸੈਲਾਨੀ ਸੁਰੱਖਿਅਤ
ਸਿੱਕਮ ਦੇ ਉੱਤਰੀ ਖੇਤਰ ਵਿੱਚ ਮੀਂਹ ਤਬਾਹੀ ਮਚਾ ਰਿਹਾ ਹੈ। ਇੱਥੇ ਪਿਛਲੇ 24 ਘੰਟਿਆਂ ਤੋਂ ਹੋ ਰਹੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਸੜਕਾਂ ਬੰਦ ਹੋ ਗਈਆਂ ਹਨ। ਮੀਂਹ ਅਤੇ ਜ਼ਮੀਨ ਖਿਸਕਣ ਕਾਰਨ 1,000 ਤੋਂ ਵੱਧ ਸੈਲਾਨੀ ਇਸ ਸਮੇਂ ਉੱਥੇ ਫਸੇ ਹੋਏ ਹਨ। ਇੱਥੇ ਗੰਗਟੋਕ ਵਿੱਚ, 24 ਘੰਟਿਆਂ ਵਿੱਚ 70 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ।
ਉੱਤਰੀ ਸਿੱਕਮ ਦੇ ਮੰਗਨ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਸੋਨਮ ਦੇਚੂ ਭੂਟੀਆ ਨੇ ਕਿਹਾ ਕਿ ਕਈ ਸੜਕਾਂ ਬੰਦ ਹੋ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਸੈਲਾਨੀਆਂ ਨੂੰ ਲੈ ਕੇ ਜਾਣ ਵਾਲੇ ਲਗਭਗ 200 ਵਾਹਨ ਵੀਰਵਾਰ ਨੂੰ ਚੁੰਗਥਾਂਗ 'ਚ ਫਸ ਗਏ ਅਤੇ ਉਹ ਉੱਥੇ ਇਕ ਗੁਰਦੁਆਰੇ 'ਚ ਠਹਿਰੇ ਹੋਏ ਹਨ।
ਚੁੰਗਥਾਂਗ ਸੂਬੇ ਦੀ ਰਾਜਧਾਨੀ ਗੰਗਟੋਕ ਤੋਂ ਲਗਭਗ 100 ਕਿਲੋਮੀਟਰ ਦੂਰ ਸਥਿਤ ਹੈ। ਪੁਲਿਸ ਮੁਤਾਬਕ ਲਾਚੇਨ-ਚੁੰਗਥਾਂਗ ਸੜਕ 'ਤੇ ਮੁਨਸ਼ੀਥਾਂਗ ਅਤੇ ਲਾਚੁੰਗ-ਚੁੰਗਥਾਂਗ ਸੜਕ 'ਤੇ ਲੇਮਾ/ਬੌਬ ਵਿਖੇ ਵੱਡੇ ਪੱਧਰ 'ਤੇ ਜ਼ਮੀਨ ਖਿਸਕ ਗਈ। ਫਿਲਹਾਲ, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਵਿਚਕਾਰ ਸਾਰੇ ਸੈਲਾਨੀ ਸੁਰੱਖਿਅਤ ਦੱਸੇ ਜਾ ਰਹੇ ਹਨ।