ਅਖ਼ਲਾਕ ਹੱਤਿਆ ਕਾਂਡ : ਮੁਲਜ਼ਮਾਂ ਵਲੋਂ ਦਿਤੀ ਜਾ ਰਹੀ ਹੈ ਮਾਮਲਾ ਵਾਪਸ ਲੈਣ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਦਾਦਰੀ ਵਿਚ ਅਖ਼ਲਾਕ ਹੱਤਿਆ ਕਾਂਡ ਵਿਚ ਜ਼ਮਾਨਤ 'ਤੇ ਬਾਹਰ ਦੋ ਮੁਲਜ਼ਮਾਂ ਨੇ ਪੀੜਤ ਪਰਵਾਰ ਨੂੰ ਮਾਮਲਾ ਵਾਪਸ ਲੈਣ ਦੀ...

akhlaq file photo and family

ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਦਾਦਰੀ ਵਿਚ ਅਖ਼ਲਾਕ ਹੱਤਿਆ ਕਾਂਡ ਵਿਚ ਜ਼ਮਾਨਤ 'ਤੇ ਬਾਹਰ ਦੋ ਮੁਲਜ਼ਮਾਂ ਨੇ ਪੀੜਤ ਪਰਵਾਰ ਨੂੰ ਮਾਮਲਾ ਵਾਪਸ ਲੈਣ ਦੀ ਧਮਕੀ ਦਿਤੀ ਹੈ। ਬਿਸਾਹੜਾ ਪਿੰਡ ਵਿਚ 2015 ਸਤੰਬਰ ਮਹੀਨੇ ਵਿਚ ਹੋਹੀ ਇਸ ਘਟਨਾ ਵਿਚ ਭੀੜ ਨੇ ਕਥਿਤ ਤੌਰ 'ਤੇ ਗਊ ਮਾਸ ਰੱਖਣ ਦੇ ਚਲਦੇ 52 ਸਾਲਾ ਅਖ਼ਲਾਕ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਸੀ। ਮਾਮਲੇ ਵਿਚ ਢਾਈ ਸਾਲ ਬੀਤ ਚੁਕੇ ਹਨ ਅਤੇ ਅਜੇ ਵੀ ਪਰਵਾਰ ਇਨਸਾਫ਼ ਦਾ ਇੰਤਜ਼ਾਰ ਕਰ ਰਿਹਾ ਹੈ। 
ਇਕ ਰਿਪੋਰਟ ਅਨੁਸਾਰ 18 ਮੁਲਜ਼ਮਾਂ ਵਿਚੋਂ ਜ਼ਮਾਨਤ 'ਤੇ ਬਾਹਰ ਆਏ ਦੋ ਮੁਲਜ਼ਮਾਂ ਨੇ ਪਰਵਾਰ ਨਾਲ ਸੰਪਰਕ ਕਰ ਕੇ ਮਾਮਲੇ ਵਾਪਸ ਲੈਣ ਲਈ ਕਿਹਾ ਕਿ ਨਾ ਲੈਣ 'ਤੇ ਅੰਜ਼ਾਮ ਭੁਗਤਣ ਦੀ ਧਮਕੀ ਵੀ ਦਿਤੀ।

ਅਖ਼ਲਾਕ ਦੇ ਭਰਾ ਜਾਨ ਮੁਹੰਮਦ ਨੇ ਦਸਿਆ ਕਿ ਬਿਸਾਹੜਾ ਪਿੰਡ ਦੇ ਕਈ ਲੋਕ ਕਈ ਵਾਰ ਮੁਲਜ਼ਮਾਂ ਵਲੋਂ ਮਾਮਲਾ ਵਾਪਸ ਲੈਣ ਦੀ ਗੱਲ ਕਰ ਚੁੱਕੇ ਹਨ ਪਰ ਇਹ ਪਹਿਲੀ ਵਾਰ ਸੀ ਕਿ ਮੁਲਜ਼ਮਾਂ ਨੇ ਸਿੱਧਾ ਸੰਪਰਕ ਕਰ ਕੇ ਮਾਮਲਾ ਵਾਪਸ ਲੈਣ ਦੀ ਧਮਕੀ ਦਿਤੀ। ਉਨ੍ਹਾਂ ਦਸਿਆ ਕਿ ਇਕ ਮਹੀਨਾ ਪਹਿਲਾਂ ਵਿਵੇਕ ਅਤੇ ਗੌਰਮ ਨਾਮ ਦੇ ਦੋ ਮੁਲਜ਼ਮ ਅਪਣੇ ਪਰਵਾਰ ਦੇ ਨਾਲ ਮੇਰੇ ਘਰ ਆਏ ਅਤੇ ਮਾਮਲਾ ਵਾਪਸ ਲੈਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਦੀ ਗੱਲ ਨਾ ਮੰਨੀ ਤਾਂ ਉਹ ਮੇਰੇ ਅਤੇ ਅਖ਼ਲਾਕ ਦੇ ਪਰਵਾਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਦੋਂ ਜਾਨ ਮੁਹੰਮਦ ਨੇ ਮੁਲਜ਼ਮਾਂ ਨੂੰ ਕਿਹਾ ਕਿ ਮਾਮਲੇ ਦਾ ਫ਼ੈਸਲਾ ਅਦਾਲਤ ਤੈਅ ਕਰੇਗੀ। ਇਸ ਤੋਂ ਇਲਾਵਾ ਉਹ ਅਪਣੇ ਪਰਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। 

ਦਸ ਦਈਏ ਕਿ ਅਖ਼ਲਾਕ ਦਾ ਵੱਡਾ ਬੇਟਾ ਸਰਤਾਜ ਭਾਰਤੀ ਹਵਾਈ ਫ਼ੌਜ ਵਿਚ ਕੰਮ ਕਰਦਾ ਹੈ ਅਤੇ ਆਈਏਐਫ ਨੇ ਉਸ ਦੇ ਪਰਵਾਰ ਨੂੰ ਦਿੱਲੀ ਦੇ ਕੈਂਟੋਨਮੈਂਟ ਇਲਾਕੇ ਵਿਚ ਘਰ ਦਿਤਾ ਹੋਇਆ ਹੈ। ਸਿਰਫ਼ ਜਾਨ ਮੁਹੰਮਦ ਬਿਸਾਹੜਾ ਪਿੰਡ ਵਿਚ ਰਹਿ ਰਹੇ ਹਨ, ਇਸ ਲਈ ਉਨ੍ਹਾਂ ਨਾਲ ਵਾਰ-ਵਾਰ ਸੰਪਰਕ ਕੀਤਾ ਜਾ ਰਿਹਾ ਹੈ।  ਦੂਜੇ ਪਾਸੇ ਮੁਲਜ਼ਮ ਵਿਵੇਕ ਦੇ ਪਿਤਾ ਓਮ ਕੁਮਾਰ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦਾ ਬੇਟਾ ਜਾਨ ਮੁਹੰਮਦ ਦੇ ਘਰ ਗਿਆ ਸੀ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਅਤੇ ਕੁੱਝ ਲੋਕ ਜਾਨ ਮੁਹੰਮਦ ਦੇ ਘਰ ਗਏ ਸਨ ਅਤੇ ਦੋਹਾਂ ਵਲੋਂ ਮਾਮਲਾ ਵਾਪਸ ਲੈਣ ਦੀ ਪੇਸ਼ ਕੀਤੀ ਗਈ। ਉਨ੍ਹਾਂ ਦੇ ਪਰਵਾਰ ਨੇ ਪੇਸ਼ਕਸ਼ ਨੂੰ ਠੁਕਰਾ ਦਿਤਾ। ਮੈਨੂੰ ਪਤਾ ਨਹੀਂ ਇਸ ਤੋਂ ਇਲਾਵਾ ਉਥੇ ਕੀ ਗੱਲਬਾਤ ਹੋਈ। 

ਉਥੇ ਹੀ ਗੌਤਮਬੁੱਧ ਨਗਰ ਦੇ ਪੁਪਲਸ ਮੁਖੀ ਅਜੈਪਾਲ ਸ਼ਰਮਾ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਜ਼ਰੂਰੀ ਕਾਰਵਾਈ ਕਰਨਗੇ ਤਾਕਿ ਨਿਰਪੱਖ ਜਾਂਚ ਹੋ ਸਕੇ। ਜਾਨ ਮੁਹੰਮਦ ਦੇ ਵਕੀਲ ਯੂਸਫ਼ ਸੈਫ਼ੀ ਦਾ ਕਹਿਣਾ ਹੈ ਕਿ ਹੁਣ ਕਾਨੂੰਨੀ ਤੌਰ 'ਤੇ ਮਾਮਲਾ ਵਾਪਸ ਨਹੀਂ ਲਿਆ ਜਾ ਸਕਦਾ। ਇਸ ਨੂੰ ਸਿਰਫ਼ ਹਲਕਾ ਜਾਂ ਕਮਜ਼ੋਰ ਕੀਤਾ ਜਾ ਸਕਦਾ ਹੈ। ਮਾਮਲਾ ਕਮਜ਼ੋਰ ਕਰਨ ਲਈ ਮੁੱਖ ਗਵਾਹਾਂ ਦੇ ਬਿਆਨਾਂ ਨੂੰ ਕਮਜ਼ੋਰ ਕਰਨਾ ਹੋਵੇਗਾ। ਇਸ ਮਾਮਲੇ ਵਿਚ ਮੁੱਖ ਗਵਾਹ ਅਖ਼ਲਾਕ ਦਾ ਬੇਟਾ ਦਾਨਿਸ਼, ਪਤਨੀ ਇਕਰਮ ਅਤੇ ਬੇਟੀ ਸਾਜਿਦਾ ਹਨ।