ਗੁਰਦਵਾਰਾ ਤੇ ਸਕੂਲ ਕਮੇਟੀਆਂ ਆਪਸੀ ਖਿੱਚੋਤਾਣ 'ਚ ਰੁਝ ਕੇ ਨਿਘਾਰ ਵਲ ਜਾ ਰਹੀਆਂ ਹਨ : ਰਾਜਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਰਾਸਤ ਸਿੱਖਇਜ਼ਮ ਟਰੱਸਟ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਿਆ

File Photo

ਨਵੀਂ ਦਿੱਲੀ, 24 ਮਈ (ਸੁਖਰਾਜ ਸਿੰਘ): ਜਾਗਰੂਕ ਸਿੱਖਾਂ ਦੀ ਸੋਚ ਦੇ ਨਤੀਜੇ ਹੀ ਸਨ ਕਿ ਅਸੀ ਭਾਰਤ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ 'ਚ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿੰਘ ਸਭਾਵਾਂ ਸਥਾਪਤ ਕੀਤੀਆਂ ਅਤੇ ਨਾਲ ਹੀ ਅਪਣੇ ਬੱਚਿਆਂ ਤੇ ਉਸ ਕਸਬੇ ਦੇ ਵਸਨੀਕਾਂ ਦੇ ਬੱਚਿਆਂ ਨੂੰ ਵੀ ਦੁਨਿਆਵੀ ਸਿਖਿਆਵਾਂ ਦੇ ਨਾਲ-ਨਾਲ ਸਿੱਖ ਸਿਧਾਤਾਂ, ਮਾਂ-ਬੋਲੀ ਪੰਜਾਬੀ ਦੇ ਬਾਬਤ ਚਾਨਣ ਹੋ ਸਕੇਗਾ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਸਿੰਘ ਸਭਾ ਗੁਰਦਵਾਰਿਆਂ ਦੀ ਪ੍ਰਬੰਧਕ ਕਮੇਟੀਆਂ ਅਤੇ ਸਕੂਲਾਂ ਦੀ ਕਮੇਟੀਆਂ ਦੇ ਪ੍ਰਬੰਧਕ ਅਪਣੀ ਆਪਸੀ ਖਿੱਚੋਤਾਣ ਵਿਚ  ਇਨ੍ਹਾਂ  ਰੁਝੇ ਹੋਏ ਹਨ ਕਿ ਅਪਣਾ ਮਕਸਦ ਹੀ ਭੁੱਲ ਬੈਠੇ ਹਨ ਤੇ ਨਿਘਾਰ ਵੱਲ ਜਾ ਰਹੇ ਹਨ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਰਾਸਤ ਸਿੱਖਇਜ਼ਮ ਟਰਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਮਸਲਾ ਭਾਰਤ ਦੇਸ਼ ਅਤੇ ਵਿਦੇਸ਼ਾਂ ਵਿਚ ਕਈ ਥਾਵਾਂ ਤੇ ਸਿੰਘ ਸਭਾਵਾਂ ਹੇਠ ਚੱਲ ਰਹੇ ਸਕੂਲਾਂ ਤੇ ਕਾਲਜਾਂ ਦੇ ਪ੍ਰਬੰਧਕਾਂ ਅਤੇ ਸਿੰਘ ਸਭਾਵਾਂ ਦੇ ਪ੍ਰਬੰਧਕਾਂ ਵਿਚ ਭਖ ਰਿਹਾ ਹੈ। ਇਸ ਨੂੰ ਠੱਲ ਪਾਉਣ ਲਈ ਆਪ ਜੀ ਇਕ ਆਦੇਸ਼ ਜਾਰੀ ਕਰ ਕੇ ਇਨ੍ਹਾਂ ਪ੍ਰਬੰਧਕਾਂ ਨੂੰ ਦਿਸ਼ਾ ਦੇਣ ਦੀ ਕ੍ਰਿਪਾਲਤਾ ਕਰੋ।

ਇਸ ਨਾਲ ਗੂਰ ਕੀ ਗੋਲਕ ਦੇ ਪੈਸੇ ਕੋਰਟ, ਕਚਹਿਰੀਆਂ ਵਿਚ ਬਰਬਾਦ ਨਹੀਂ ਹੋਣਗੇ ਅਤੇ ਇਨ੍ਹਾਂ ਸਕੂਲਾਂ, ਕਾਲਜਾਂ ਨੂੰ ਨਿਘਾਰ ਵੱਲ ਜਾਣ 'ਤੇ ਵੀ ਰੋਕ ਲਗੇਗੀ। ਵਿਰਾਸਤ ਸਿੱਖਇਜ਼ਮ ਟਰੱਸਟ ਦੇ ਅੰਤਰਿਮ ਮੈਂਬਰਾਂ ਵਲੋਂ ਇਸ ਤਰ੍ਹਾਂ ਦੀ ਖਿੱਚੋਤਾਣ ਰੋਕਣ ਲਈ ਕੁੱਝ ਸੁਝਾਅ ਵੀ ਜਥੇਦਾਰ ਸਾਹਿਬ ਨੂੰ ਇਸ ਪੱਤਰ ਰਾਹੀਂ ਦਿਤੇ ਗਏ ਹਨ, ਜਿਸ ਨਾਲ ਇਨ੍ਹਾਂ ਅਦਾਰਿਆਂ ਨੂੰ ਸਥਾਪਤ ਕਰਨ ਦੇ ਮੰਤਵ ਦੀ ਪ੍ਰਾਪਤੀ ਹੋ ਸਕੇਗੀ।