ਨਵੀਂ ਦਿੱਲੀ, 24 ਮਈ : ਦਖਣੀ ਪੂਰਬੀ ਦਿੱਲੀ ਦੇ ਜ਼ਾਕਿਰ ਨਗਰ ਵਿਚ ਗ਼ੈਰ ਸਰਕਾਰੀ ਸੰਸਥਾ ਚਲਾਉਣ ਵਾਲੀ ਸ਼ਮਾ ਖ਼ਾਨਹਰ ਸਾਲ ਈਦ 'ਤੇ ਗਹਿਣੇ, ਕਪੜੇ, ਮਠਿਆਈਆਂ ਖ਼ਰੀਦਦੀ ਸੀ ਅਤੇ ਰਿਸ਼ਤੇਦਾਰਾਂ ਨੂੰ ਦਾਅਵਤ ਦਿੰਦੀ ਸੀ ਪਰ ਇਸ ਵਾਰ ਉਹ ਅਜਿਹਾ ਨਹੀਂ ਕਰ ਰਹੀ। 30 ਸਾਲਾ ਖ਼ਾਨ ਕਹਿੰਦੀ ਹੈ, 'ਇਹ ਆਮ ਦਿਨਾਂ ਵਾਂਗ ਨਹੀਂ ਹੈ। ਸਾਡੇ ਘਰ ਅਤੇ ਰਿਸ਼ਤੇਦਾਰਾਂ ਵਿਚ ਕਿਸੇ ਨੇ ਵੀ ਗਹਿਣੇ, ਕਪੜੇ ਜਾਂ ਮਠਿਆਈਆਂ ਨਹੀਂ ਖ਼ਰੀਦੀਆਂ। ਹਰ ਸਾਲਾ ਸਾਡਾ ਪਰਵਾਰ ਦਾਅਵਤ ਕਰਦਾ ਸੀ ਪਰ ਇਸ ਵਾਰ ਅਸੀਂ ਅਜਿਹਾ ਨਹੀਂ ਕਰਾਂਗੇ।
ਜਦ ਕਰੋੜਾਂ ਲੋਕ ਭੁੱਖੇ ਢਿੱਡ ਸੌਂ ਰਹੇ ਹਨ ਅਸੀਂ ਅਜਿਹਾ ਕਿਵੇਂ ਕਰ ਸਕਦੇ ਹਾਂ।' ਖ਼ਾਨ ਵਾਂਗ ਹੀ ਕੌਮੀ ਰਾਜਧਾਨੀ ਵਿਚ ਰਹਿਣ ਵਾਲੇ ਕਈ ਮੁਸਲਮਾਨ ਈਦ ਉਲ ਫ਼ਿਤਰ ਮੌਕੇ ਨਵੇਂ ਸਮਾਨ ਅਤੇ ਕਪੜੇ ਖ਼ਰੀਦਣ ਤੋਂ ਪਰਹੇਜ਼ ਕਰ ਰਹੇ ਹਨ। ਉਨ੍ਹਾਂ ਪੈਸਾ ਬਚਾ ਕੇ ਉਸ ਨੂੰ ਕੋਵਿਡ-19 ਤਾਲਾਬੰਦੀ ਤੋਂ ਪ੍ਰਭਾਵਤ ਲੋੜਵੰਦ ਲੋਕਾਂ ਅਤੇ ਪ੍ਰਵਾਸੀਆਂ ਦੀ ਮਦਦ ਲਈ ਖ਼ਰਚ ਕਰਨ ਦਾ ਫ਼ੈਸਲਾ ਕੀਤਾ ਹੈ।
ਜਾਮੀਆ ਨਗਰ ਵਾਸੀ ਮੁਹੰਮਦ ਨੇ ਵੀ ਇਸ ਸਾਲ ਖ਼ਰੀਦਦਾਰੀ ਨਾ ਕਰ ਕੇ ਬਚੇ ਪੈਸਿਆਂ ਨੂੰ ਲੋੜਵੰਦਾਂ ਵਾਸਤੇ ਜ਼ਰੂਰੀ ਸਮਾਨ ਖ਼ਰੀਦਣ ਲਈ ਵਰਤਣ ਦਾ ਫ਼ੈਸਲਾ ਕੀਤਾ ਹੈ। ਉਹ ਕਹਿੰਦਾ ਹੈ, 'ਸਾਡੇ ਸਮੂਹ ਵਿਚ ਲਗਭਗ 50 ਅਜਿਹੇ ਵਿਅਕਤੀ ਹਨ ਜਿਨ੍ਹਾਂ ਅਜਿਹੇ ਬੇਘਰ ਲੋਕਾਂ ਅਤੇ ਪ੍ਰਵਾਸੀਆਂ ਲਈ ਜ਼ਰੂਰੀ ਵਸਤਾਂ ਖ਼ਰੀਦਣ ਲਈ ਪੈਸੇ ਜਮ੍ਹਾਂ ਕੀਤੇ ਹਨ ਜਿਨ੍ਹਾਂ ਕੋਲ ਤਾਲਾਬੰਦੀ ਕਾਰਨ ਰੋਜ਼ੀ ਰੋਟੀ ਕਮਾਉਣ ਦਾ ਕੋਈ ਸਾਧਨ ਨਹੀਂ।'
ਸਮਾਜਕ ਕਾਰਕੁਨ ਮੁਹੰਮਦ ਨੇ ਕਿਹਾ, 'ਜ਼ਰੂਰੀ ਨਹੀਂ ਕਿ ਅਸੀਂ ਈਦ 'ਤੇ ਨਮਾਜ਼ ਅਦਾ ਕਰਨ ਲਈ ਨਵੇਂ ਕਪੜੇ ਪਾਈਏ। ਬਸ ਕਪੜੇ ਸਾਫ਼ ਹੋਣੇ ਚਾਹੀਦੇ ਹਨ। ਨਾਲ ਹੀ, ਜੇ ਲੋਕ ਇਤਰ ਅਤੇ ਗਹਿਣੇ ਨਹੀਂ ਖ਼ਰੀਦਦੇ ਤਾਂ ਬਹੁਤ ਸਾਰਾ ਪੈਸਾ ਬਚਾਇਆ ਜਾ ਸਕਦਾ ਹੈ।' ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਸੋਮਵਾਰ ਨੂੰ ਈਦ ਮਨਾਈ ਜਾ ਰਹੀ ਹੈ ਹਾਲਾਂਕਿ ਕੇਰਲਾ ਅਤੇ ਜੰਮੂ ਕਸ਼ਮੀਰ ਸਣੋ ਕੁੱਝ ਥਾਵਾਂ 'ਤੇ ਐਤਵਾਰ ਨੂੰ ਈਦ ਮਨਾਈ ਗਈ। (ਏਜੰਸੀ)