ਫਿਰ ਲੱਗੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਅੱਗ, ਮਈ ’ਚ 13ਵੀਂ ਵਾਰ ਵਧੀ ਕੀਮਤ
ਦਿੱਲੀ ਵਿਚ ਪੈਟਰੋਲ ਦੀ ਕੀਮਤ ਵਿਚ 23 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 25 ਪੈਸੇ ਦਾ ਵਾਧਾ ਹੋਇਆ ਹੈ
ਨਵੀਂ ਦਿੱਲੀ - ਦੇਸ਼ ਕੋਰੋਨਾ ਵਾਇਰਸ-ਬਲੈਕ ਫੰਗਸ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ, ਇਸ ਦੌਰਾਨ ਮਹਿੰਗਾਈ ਨੇ ਵੀ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਵਾਧਾ ਕੀਤਾ ਗਿਆ ਹੈ। 4 ਮਈ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ 13 ਵੀਂ ਵਾਰ ਵਾਧਾ ਹੋਇਆ ਹੈ।
ਦਿੱਲੀ ਵਿਚ ਪੈਟਰੋਲ ਦੀ ਕੀਮਤ ਵਿਚ 23 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 25 ਪੈਸੇ ਦਾ ਵਾਧਾ ਹੋਇਆ ਹੈ, ਜਿਸ ਨਾਲ ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ ਹੁਣ 93.44 ਰੁਪਏ ਅਤੇ ਡੀਜ਼ਲ ਦੀ ਕੀਮਤ 84.32 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਕੀਮਤਾਂ ਵਿੱਚ ਵਾਧੇ ਦਾ ਕਾਰਨ ਕੱਚੇ ਤੇਲ ਦੀ ਮਾਰਕੀਟ ਵਿੱਚ ਬਦਲਾਅ ਦੱਸਿਆ ਜਾ ਰਿਹਾ ਹੈ।
ਪੰਜਾਬ 'ਚ ਪੈਟਰੋਲ, ਡੀਜ਼ਲ ਕੀਮਤ-
ਇੰਡੀਅਨ ਆਇਲ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 94 ਰੁਪਏ 62 ਪੈਸੇ ਅਤੇ ਡੀਜ਼ਲ ਦੀ 86 ਰੁਪਏ 32 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 10 ਪੈਸੇ, ਡੀਜ਼ਲ ਦੀ 86 ਰੁਪਏ 74 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 23 ਪੈਸੇ ਤੇ ਡੀਜ਼ਲ ਦੀ 86 ਰੁਪਏ 87 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 95 ਰੁਪਏ 30 ਪੈਸੇ ਅਤੇ ਡੀਜ਼ਲ ਦੀ 86 ਰੁਪਏ 93 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 95 ਰੁਪਏ 62 ਪੈਸੇ ਅਤੇ ਡੀਜ਼ਲ ਦੀ 87 ਰੁਪਏ 22 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 89 ਰੁਪਏ 88 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 83 ਰੁਪਏ 98 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਦੱਸ ਦਈਏ ਕਿ 4 ਮਈ ਤੋਂ ਬਾਅਦ, ਤੇਲ ਦੀ ਕੀਮਤ 13 ਵੀਂ ਵਾਰ ਵਧਾਈ ਗਈ ਹੈ। ਭਾਰਤ ਪੈਟਰੋਲੀਅਮ, ਇੰਡੀਅਨ ਆਇਲ, ਅਤੇ ਹਿੰਦੁਸਤਾਨ ਪੈਟਰੋਲੀਅਮ ਤੇਲ ਕੰਪਨੀਆਂ ਹਰ-ਰੋਜ਼ ਸਵੇਰੇ ਸਾਰੇ ਸ਼ਹਿਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਾਰੇ ਜਾਣਕਾਰੀ ਦਿੰਦੀਆਂ ਹਨ। ਅੱਜ ਮੁੰਬਈ ਵਿੱਚ ਪੈਟਰੋਲ ਦੀ ਕੀਮਤ 99.70 ਰੁਪਏ ਪ੍ਰਤੀ ਲੀਟਰ, ਡੀਜ਼ਲ ਦੀ ਕੀਮਤ 91.57 ਰੁਪਏ ਪ੍ਰਤੀ ਲੀਟਰ ਹੈ। ਚੇਨਈ ਵਿਚ ਪੈਟਰੋਲ 95.06 ਰੁਪਏ ਪ੍ਰਤੀ ਲੀਟਰ, ਡੀਜ਼ਲ 89.11 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ਵਿੱਚ ਪੈਟਰੋਲ 93.49 ਰੁਪਏ ਪ੍ਰਤੀ ਲੀਟਰ, ਡੀਜ਼ਲ 87.16 ਰੁਪਏ ਪ੍ਰਤੀ ਲੀਟਰ ਹੈ।