McDonald's ਦੇ ਕੋਲਡ ਡਰਿੰਕ 'ਚੋਂ ਮਿਲੀ ਮਰੀ ਕਿਰਲੀ, ਨਗਰ ਨਿਗਮ ਨੇ ਆਊਟਲੈਟ ਕੀਤਾ ਸੀਲ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਨੇਜਰ ਨੇ ਕਿਹਾ- ਅਜਿਹਾ ਹੁੰਦਾ ਰਹਿੰਦਾ ਹੈ

Dead lizard found in McDonald's cold drink

ਅਹਿਮਦਾਬਾਦ : ਦੁਨੀਆ ਦੇ ਮਸ਼ਹੂਰ ਫੂਡ ਰੈਸਟੋਰੈਂਟ ਮੈਕਡੋਨਲਡਜ਼ (McDonald's) ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਹਿਮਦਾਬਾਦ ਦੇ ਸਾਇੰਸ ਸਿਟੀ ਰੋਡ 'ਤੇ ਮੈਕਡੋਨਲਡਜ਼ 'ਚ ਗਾਹਕ ਦੇ ਕੋਲਡ ਡਰਿੰਕ 'ਚ ਕਿਰਲੀ ਮਿਲੀ। ਇਹ ਘਟਨਾ ਬੀਤੇ ਸ਼ਨੀਵਾਰ (21 ਮਈ) ਦੀ ਹੈ ਜਦੋਂ ਦੋ ਦੋਸਤਾਂ ਭਾਰਗਵ ਜੋਸ਼ੀ ਅਤੇ ਮੇਹੁਲ ਹਿੰਗੂ ਨੇ ਦੋ ਆਲੂ ਟਿੱਕੀਆਂ ਦੇ ਨਾਲ ਦੋ ਕੋਕ ਆਰਡਰ ਕੀਤੇ।

ਭਾਰਗਵ ਦਾ ਕਹਿਣਾ ਹੈ ਕਿ ਜਿਵੇਂ ਹੀ ਉਸ ਨੇ ਜਦੋਂ ਪਾਈਪ ਨੂੰ ਕੋਕ ਦੇ ਗਿਲਾਸ 'ਚ ਹਿਲਾਇਆ ਤਾਂ ਅੰਦਰੋਂ ਇਕ ਮਰੀ ਹੋਈ ਕਿਰਲੀ ਨਿਕਲ ਆਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਕਿਰਲੀ ਆਊਟਲੇਟ ਵਲੋਂ ਦਿੱਤੇ ਗਏ ਕੋਲਡ ਡਰਿੰਕ 'ਚ ਸਾਫ ਨਜ਼ਰ ਆ ਰਹੀ ਹੈ।
ਘਟਨਾ ਤੋਂ ਬਾਅਦ ਨਗਰ ਨਿਗਮ ਨੇ ਆਊਟਲੈਟ ਸੀਲ ਕਰ ਦਿੱਤਾ, ਜਿਸ 'ਤੇ ਕਾਫੀ ਹੰਗਾਮਾ ਹੋਇਆ।

ਕੋਲਡ ਡਰਿੰਕ ਪੀ ਰਹੇ ਗਾਹਕ ਨੇ ਨਗਰ ਨਿਗਮ ਨੂੰ ਕੀਤੀ ਸ਼ਿਕਾਇਤ। ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਅਧਿਕਾਰੀ ਉਥੇ ਆ ਗਏ। ਨਗਰ ਨਿਗਮ ਦੇ ਸਿਹਤ ਅਤੇ ਖੁਰਾਕ ਵਿਭਾਗ ਨੇ ਕੋਲਡ ਡਰਿੰਕਸ ਦੇ ਸੈਂਪਲ ਲੈ ਕੇ ਜਾਂਚ ਲਈ ਪਬਲਿਕ ਹੈਲਥ ਲੈਬਾਰਟਰੀ ਵਿੱਚ ਭੇਜ ਦਿੱਤੇ ਹਨ। ਨਗਰ ਨਿਗਮ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਇਸ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਹੈ।

ਰੈਸਟੋਰੈਂਟ ਦੇ ਮੈਨੇਜਰ ਨੇ ਕਿਹਾ- ਅਜਿਹਾ ਹੁੰਦਾ ਰਹਿੰਦਾ ਹੈ 
ਭਾਰਗਵ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਮੈਨੇਜਰ ਮੌਜੂਦ ਨਹੀਂ ਸੀ। ਘਟਨਾ ਤੋਂ ਕੁਝ ਘੰਟਿਆਂ ਬਾਅਦ ਏਰੀਆ ਮੈਨੇਜਰ ਉਥੇ ਆ ਗਿਆ। ਜਦੋਂ ਭਾਰਗਵ ਨੇ ਮੈਨੇਜਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਹ ਹੱਸਣ ਲੱਗਾ। ਮੈਨੇਜਰ ਨੇ ਹੱਸ ਕੇ ਕਿਹਾ ਕਿ ਅਜਿਹਾ ਅਕਸਰ ਹੁੰਦਾ ਹੈ। ਭਾਰਗਵ ਨੇ ਦੋਸ਼ ਲਾਇਆ ਕਿ ਉਹ ਅਤੇ ਉਸ ਦੇ ਦੋਸਤ ਉਨ੍ਹਾਂ ਦੀ ਗੱਲ ਸੁਣਨ ਲਈ 4 ਘੰਟੇ ਤੋਂ ਵੱਧ ਸਮੇਂ ਤੱਕ ਰੈਸਟੋਰੈਂਟ ਵਿੱਚ ਬੈਠੇ ਰਹੇ ਪਰ ਮੈਨੇਜਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਿਰਫ਼ ਉਨ੍ਹਾਂ ਦੇ ਪੈਸੇ ਵਾਪਸ ਕਰ ਸਕਦੇ ਹਨ।

ਭਾਰਗਵ ਮੁਤਾਬਕ ਰੈਸਟੋਰੈਂਟ ਸਟਾਫ ਅਤੇ ਮੈਨੇਜਰ ਦਾ ਵਿਵਹਾਰ ਕਾਫੀ ਹੈਰਾਨੀਜਨਕ ਸੀ। ਮੈਨੇਜਰ ਨੇ ਕਿਹਾ ਕਿ ਜੇਕਰ ਉਹ ਇਹ ਪੈਸੇ ਲੈਣੇ ਚਾਹੁੰਦੇ ਹਨ ਤਾਂ ਦੱਸਣ ਨਹੀਂ ਤਾਂ ਜਾ ਸਕਦੇ ਹਨ। ਏਰੀਆ ਮੈਨੇਜਰ ਨੇ ਪੁਲਿਸ ਨੂੰ ਬੁਲਾਉਣ ਦੀ ਧਮਕੀ ਵੀ ਦਿੱਤੀ।