ਟੈਰਰ ਫੰਡਿੰਗ ਮਾਮਲੇ 'ਚ ਯਾਸੀਨ ਮਲਿਕ ਨੂੰ ਹੋਈ ਉਮਰ ਕੈਦ

ਏਜੰਸੀ

ਖ਼ਬਰਾਂ, ਰਾਸ਼ਟਰੀ

5 ਮਾਮਲਿਆਂ 'ਚ ਹੋਇਆ 10-10 ਲੱਖ ਰੁਪਏ ਜੁਰਮਾਨਾ 

Yasin Malik sentenced to life in prison in terror funding case

ਸੁਰੱਖਿਆ ਦੇ ਮੱਦੇਨਜ਼ਰ ਸ੍ਰੀਨਗਰ 'ਚ ਮੋਬਾਈਲ ਤੇ ਇੰਟਰਨੈੱਟ ਸੇਵਾ ਬੰਦ 
NIA ਕੋਰਟ ਨੇ ਸੁਣਾਇਆ ਫ਼ੈਸਲਾ
ਨਵੀਂ ਦਿੱਲੀ :
ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਪਟਿਆਲਾ ਹਾਊਸ ਕੋਰਟ ਨੇ ਟੈਰਰ ਫੰਡਿੰਗ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐਨਆਈਏ ਅਦਾਲਤ ਨੇ ਯਾਸੀਨ ਨੂੰ ਪਹਿਲਾਂ ਹੀ ਦੋਸ਼ੀ ਠਹਿਰਾਇਆ ਸੀ। ਐਡਵੋਕੇਟ ਉਮੇਸ਼ ਸ਼ਰਮਾ ਨੇ ਦੱਸਿਆ ਕਿ ਯਾਸੀਨ ਨੂੰ 10 ਮਾਮਲਿਆਂ ਵਿੱਚ ਦੋ ਉਮਰ ਕੈਦ, 10 ਸਾਲ ਦੀ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਸਾਰੀਆਂ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ। ਯਾਸੀਨ 'ਤੇ ਪਾਕਿਸਤਾਨ ਦੀ ਮਦਦ ਨਾਲ ਕਸ਼ਮੀਰ 'ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਅਤੇ ਅੱਤਵਾਦੀਆਂ ਨੂੰ ਤਬਾਹੀ ਦਾ ਸਮਾਨ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਕੇਸ ਦਰਜ ਹਨ।

ਵਿਸ਼ੇਸ਼ ਜੱਜ ਨੇ ਆਈਪੀਸੀ ਦੀ ਧਾਰਾ 120ਬੀ ਤਹਿਤ 10 ਸਾਲ, 10 ਹਜ਼ਾਰ ਜੁਰਮਾਨਾ, 121ਏ ਤਹਿਤ 10 ਸਾਲ, 10 ਹਜ਼ਾਰ ਜੁਰਮਾਨਾ, ਜਦਕਿ 17 ਯੂਏਪੀਏ ਤਹਿਤ ਉਮਰ ਕੈਦ ਅਤੇ 10 ਲੱਖ ਜੁਰਮਾਨਾ ਵੀ ਲਗਾਇਆ ਹੈ।  UAPA ਧਾਰਾ 13 ਤਹਿਤ 5 ਸਾਲ ਦੀ ਕੈਦ, UAPA ਧਾਰਾ 15 ਤਹਿਤ 10 ਸਾਲ ਦੀ ਕੈਦ, UAPA ਧਾਰਾ 18 ਤਹਿਤ 10 ਸਾਲ ਦੀ ਕੈਦ ਅਤੇ 10 ਹਜ਼ਾਰ ਜੁਰਮਾਨਾ, UAPA 20 ਤਹਿਤ 10 ਸਾਲ ਦੀ ਕੈਦ ਅਤੇ 10 ਹਜ਼ਾਰ ਜੁਰਮਾਨਾ, UAPA ਐਕਟ ਦੀ ਧਾਰਾ 38 ਅਤੇ 39 ਤਹਿਤ, 5 ਸਾਲ 5 ਹਜ਼ਾਰ ਜੁਰਮਾਨਾ ਲਗਾਇਆ ਗਿਆ ਹੈ।

ਸਜ਼ਾ ਸੁਣਾਉਣ ਤੋਂ ਪਹਿਲਾਂ ਪਟਿਆਲਾ ਹਾਊਸ ਕੋਰਟ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸ੍ਰੀਨਗਰ ਦੇ ਕਈ ਬਾਜ਼ਾਰ ਬੰਦ ਕਰ ਦਿੱਤੇ ਗਏ ਹਨ ਅਤੇ ਉਥੇ ਵੱਡੀ ਗਿਣਤੀ ਵਿਚ ਫੋਰਸ ਤਾਇਨਾਤ ਹੈ। ਸੁਰੱਖਿਆ ਕਾਰਨਾਂ ਕਰਕੇ ਸ੍ਰੀਨਗਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਪਹਿਲਾਂ ਬੁੱਧਵਾਰ ਨੂੰ ਮਲਿਕ ਦੀ ਸਜ਼ਾ ਨੂੰ ਲੈ ਕੇ ਬਹਿਸ ਹੋਈ ਸੀ। ਐਨਆਈਏ ਨੇ ਯਾਸੀਨ ਲਈ ਫਾਂਸੀ ਦੀ ਮੰਗ ਕੀਤੀ ਹੈ, ਜਦਕਿ ਯਾਸੀਨ ਦੇ ਵਕੀਲ ਉਸ ਲਈ ਉਮਰ ਕੈਦ ਚਾਹੁੰਦੇ ਹਨ। 19 ਮਈ ਨੂੰ ਹੋਈ ਸੁਣਵਾਈ ਦੌਰਾਨ ਯਾਸੀਨ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਅਦਾਲਤ ਵਿੱਚ ਐਨਆਈਏ ਦੇ ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਕਿਹਾ ਕਿ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਲਗਭਗ ਸਾਰੇ ਮੁਲਜ਼ਮਾਂ ਦੇ ਇੱਕ ਦੂਜੇ ਨਾਲ ਸੰਪਰਕ ਹਨ ਅਤੇ ਗਵਾਹਾਂ ਦੇ ਬਿਆਨਾਂ ਅਤੇ ਸਬੂਤਾਂ ਤੋਂ ਪਾਕਿਸਤਾਨੀ ਫੰਡਿੰਗ ਸਾਬਤ ਹੋਈ ਹੈ।

ਬੁੱਧਵਾਰ ਨੂੰ ਫੈਸਲਾ ਆਉਣ ਤੋਂ ਪਹਿਲਾਂ ਅਦਾਲਤ 'ਚ ਯਾਸੀਨ ਦੀ ਦਲੀਲ 'ਚ ਯਾਸੀਨ ਨੇ ਕਿਹਾ, 'ਜੇਕਰ ਮੈਂ 28 ਸਾਲਾਂ ਦੌਰਾਨ ਕਿਸੇ ਅੱਤਵਾਦੀ ਗਤੀਵਿਧੀ ਜਾਂ ਹਿੰਸਾ 'ਚ ਸ਼ਾਮਲ ਰਿਹਾ ਹਾਂ ਅਤੇ ਖੁਫੀਆ ਏਜੰਸੀਆਂ ਇਹ ਸਾਬਤ ਕਰਦੀਆਂ ਹਨ ਤਾਂ ਮੈਂ ਰਾਜਨੀਤੀ ਤੋਂ ਵੀ ਸੰਨਿਆਸ ਲੈ ਲਵਾਂਗਾ। ਮੈਂ ਫਾਂਸੀ ਨੂੰ ਸਵੀਕਾਰ ਕਰਾਂਗਾ। ਮੈਂ ਸੱਤ ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਹੈ। ਮੈਂ ਆਪਣੇ ਲਈ ਕੁਝ ਨਹੀਂ ਮੰਗਾਂਗਾ। ਮੈਂ ਆਪਣੀ ਕਿਸਮਤ ਦਾ ਫ਼ੈਸਲਾ ਅਦਾਲਤ 'ਤੇ ਛੱਡਦਾ ਹਾਂ।
ਜਾਣਕਾਰੀ ਅਨੁਸਾਰ ਲਾਲ ਚੌਂਕ ਸਮੇਤ ਮੇਸੂਮਾ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ। ਸ਼ਹਿਰ ਦੇ ਕੁਝ ਇਲਾਕਿਆਂ ਦੇ ਬਾਜ਼ਾਰ ਵੀ ਬੰਦ ਰਹੇ, ਹਾਲਾਂਕਿ ਆਵਾਜਾਈ ਆਮ ਵਾਂਗ ਰਹੀ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਹਿਰ 'ਚ ਵੱਡੀ ਗਿਣਤੀ 'ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।