ਕੀ ਹੈ ਨਵੇਂ ਸੰਸਦ ਭਵਨ ਵਿਚ ਸਥਾਪਤ ਹੋਣ ਵਾਲੇ 'ਸੇਂਗੋਲ' ਦਾ ਇਤਿਹਾਸ
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 14 ਅਗਸਤ 1947 ਨੂੰ ਤਮਿਲ ਪੁਜਾਰੀਆਂ ਦੇ ਹੱਥੋਂ ਸੇਂਗੋਲ ਨੂੰ ਲਿਆ ਸੀ।
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਨਵੇਂ ਸੰਸਦ ਭਵਨ ਵਿਚ 'ਸੇਂਗੋਲ' ਵੀ ਲਗਾਇਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। ਅਮਿਤ ਸ਼ਾਹ ਨੇ ਕਿਹਾ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਵਾਲੇ ਦਿਨ ਇੱਕ ਨਵੀਂ ਪਰੰਪਰਾ ਵੀ ਸ਼ੁਰੂ ਹੋਣ ਜਾ ਰਹੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 14 ਅਗਸਤ 1947 ਨੂੰ ਤਮਿਲ ਪੁਜਾਰੀਆਂ ਦੇ ਹੱਥੋਂ ਸੇਂਗੋਲ ਨੂੰ ਲਿਆ ਸੀ।
ਅਮਿਤ ਸ਼ਾਹ ਅਨੁਸਾਰ, ਨਹਿਰੂ ਨੇ ਇਸ ਨੂੰ ਅੰਗਰੇਜ਼ਾਂ ਤੋਂ ਭਾਰਤ ਵਿਚ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਸਵੀਕਾਰ ਕੀਤਾ ਸੀ। ਬਾਅਦ ਵਿਚ ਜਵਾਹਰ ਲਾਲ ਨਹਿਰੂ ਨੇ ਇਸ ਨੂੰ ਇੱਕ ਮਿਊਜ਼ੀਅਮ ਵਿਚ ਰੱਖ ਦਿੱਤਾ ਸੀ ਅਤੇ ਉਦੋਂ ਤੋਂ ਸੇਂਗੋਲ ਮਿਊਜ਼ੀਅਮ ਵਿਚ ਹੀ ਰੱਖਿਆ ਹੋਇਆ ਹੈ। ਇਸ ਮੌਕੇ ਕਰੀਬ ਸੱਤ ਮਿੰਟ ਦੀ ਫ਼ਿਲਮ ਵੀ ਦਿਖਾਈ ਗਈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਸੇਂਗੋਲ ਤਮਿਲ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਦੌਲਤ ਨਾਲ ਭਰਪੂਰ ਅਤੇ ਇਤਿਹਾਸਕ ਹੈ।
ਉਨ੍ਹਾਂ ਅਨੁਸਾਰ ਸੇਂਗੋਲ ਚੋਲ ਸਾਮਰਾਜ ਨਾਲ ਸਬੰਧਤ ਹੈ ਅਤੇ ਇਸ ਉੱਤੇ ਨੰਦੀ ਵੀ ਬਣੇ ਹੋਏ ਹਨ। ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਅੰਗਰੇਜ਼, ਭਾਰਤ ਦੀ ਸੱਤਾ ਦਾ ਤਬਾਦਲਾ ਕਿਵੇਂ ਕਰਨ, ਇਸ ਦੀ ਪ੍ਰਕਿਰਿਆ ਕੀ ਹੋਵੇਗੀ, ਇਸ 'ਤੇ ਚਰਚਾ ਹੋ ਰਹੀ ਹੈ। ਉਨ੍ਹਾਂ ਮੁਤਾਬਕ ਲਾਰਡ ਮਾਊਂਟਬੈਟਨ ਨੂੰ ਭਾਰਤੀ ਪਰੰਪਰਾ ਦੀ ਜਾਣਕਾਰੀ ਨਹੀਂ ਸੀ, ਇਸ ਲਈ ਉਨ੍ਹਾਂ ਨੇ ਨਹਿਰੂ ਨੂੰ ਪੁੱਛਿਆ, ਪਰ ਨਹਿਰੂ ਉਲਝਣ 'ਚ ਸਨ। ਫਿਰ ਨਹਿਰੂ ਨੇ ਸੀ. ਰਾਜਗੋਪਾਲਾਚਾਰੀ ਨਾਲ ਇਸ ਬਾਰੇ ਚਰਚਾ ਕੀਤੀ।
ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਰਾਜਗੋਪਾਲਾਚਾਰੀ ਨੇ ਕਈ ਗ੍ਰੰਥਾਂ ਦਾ ਅਧਿਐਨ ਕੀਤਾ। ਉਨ੍ਹਾਂ ਨੇ ਸੇਂਗੋਲ ਦੀ ਪ੍ਰਕਿਰਿਆ ਦੀ ਪਛਾਣ ਕੀਤੀ। ਇੱਥੇ ਸੇਂਗੋਲ ਰਾਹੀਂ ਸੱਤਾ ਦੇ ਤਬਾਦਲੇ ਨੂੰ ਚਿਨ੍ਹਿਤ ਕੀਤਾ ਗਿਆ ਹੈ। ਭਾਰਤ ਦੇ ਲੋਕਾਂ ਵਿਚ ਇੱਕ ਅਧਿਆਤਮਿਕ ਪਰੰਪਰਾ ਤੋਂ ਰਾਜ ਆਇਆ ਹੈ। ਸੇਂਗੋਲ ਸ਼ਬਦ ਦਾ ਅਰਥ ਅਤੇ ਨੀਤੀ ਦੀ ਪਾਲਣਾ ਤੋਂ ਹੈ। ਇਹ ਪਵਿੱਤਰ ਹੈ ਅਤੇ ਇਸ 'ਤੇ ਨੰਦੀ ਵਿਰਾਜਮਾਨ ਹੈ। ਇਹ ਅੱਠਵੀਂ ਸਦੀ ਤੋਂ ਚੱਲੀ ਆ ਰਹੀ ਸੱਭਿਅਤਾ ਦੀ ਪ੍ਰਥਾ ਹੈ। ਇਹ ਚੋਲ ਸਾਮਰਾਜ ਤੋਂ ਆ ਰਹੀ ਹੈ।
ਗ੍ਰਹਿ ਮੰਤਰੀ ਅਨੁਸਾਰ ਦੇਸ਼ ਦੇ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਨੂੰ ਜਿਵੇਂ ਹੀ ਸੇਂਗੋਲ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਬਾਰੇ ਪਤਾ ਕਰਵਾਇਆ। ਫਿਰ ਫ਼ੈਸਲਾ ਲਿਆ ਗਿਆ ਕਿ ਇਸ ਨੂੰ ਦੇਸ਼ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਇਸ ਦੇ ਲਈ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਦਿਨ ਚੁਣਿਆ ਗਿਆ।
ਅਮਿਤ ਸ਼ਾਹ ਨੇ ਕਿਹਾ ਕਿ ਸੇਂਗੋਲ ਦੀ ਸਥਾਪਨਾ ਲਈ ਸੰਸਦ ਭਵਨ ਤੋਂ ਇਲਾਵਾ ਕੋਈ ਹੋਰ ਢੁਕਵਾਂ ਅਤੇ ਪਵਿੱਤਰ ਸਥਾਨ ਨਹੀਂ ਹੋ ਸਕਦਾ। ਇਸ ਲਈ ਜਿਸ ਦਿਨ ਨਵਾਂ ਸੰਸਦ ਭਵਨ ਦੇਸ਼ ਨੂੰ ਸਮਰਪਿਤ ਕੀਤਾ ਜਾਵੇਗਾ, ਉਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਮਿਲਨਾਡੂ ਤੋਂ ਆਏ ਸੇਂਗੋਲ ਨੂੰ ਅਧੀਨਮ (ਮਠ) ਤੋਂ ਸਵੀਕਾਰ ਕਰਨਗੇ ਅਤੇ ਲੋਕ ਸਭਾ ਦੇ ਸਪੀਕਰ ਦੀ ਸੀਟ ਦੇ ਨੇੜੇ ਇਸ ਨੂੰ ਸਥਾਪਿਤ ਕਰਨਗੇ।