Water Level Drop: ਦੇਸ਼ ’ਚ ਜਲ ਭੰਡਾਰਾਂ ’ਚ ਪਾਣੀ ਦਾ ਪੱਧਰ 24 ਫੀ ਸਦੀ ਤਕ ਡਿਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਜੂਦਾ ਪਾਣੀ ਦੇ ਪੱਧਰ ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 21 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

File photo for representation.

Water Level Drop: ਦੇਸ਼ ਦੇ 150 ਪ੍ਰਮੁੱਖ ਜਲ ਭੰਡਾਰਾਂ ਦੇ ਭੰਡਾਰਨ ਪੱਧਰ ’ਚ ਲਗਾਤਾਰ ਗਿਰਾਵਟ ਜਾਰੀ ਹੈ ਅਤੇ ਇਹ ਕੁਲ ਭੰਡਾਰਨ ਸਮਰੱਥਾ ਦੇ 24 ਫੀ ਸਦੀ ’ਤੇ ਆ ਗਿਆ ਹੈ। ਮੌਜੂਦਾ ਪਾਣੀ ਦੇ ਪੱਧਰ ’ਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 21 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਅਧਿਕਾਰਤ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ.) ਨੇ ਸ਼ੁਕਰਵਾਰ ਨੂੰ ਦੇਸ਼ ਭਰ ਦੇ 150 ਪ੍ਰਮੁੱਖ ਜਲ ਭੰਡਾਰਾਂ ਦੇ ਤਾਜ਼ੇ ਭੰਡਾਰਨ ਪੱਧਰ ਦੀ ਸਥਿਤੀ ’ਤੇ ਅਪਣਾ ਹਫਤਾਵਾਰੀ ਬੁਲੇਟਿਨ ਜਾਰੀ ਕੀਤਾ, ਜਿਸ ’ਚ ਪਿਛਲੇ ਸਾਲ ਦੇ ਮੁਕਾਬਲੇ ਪਾਣੀ ਦੇ ਪੱਧਰ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਉੱਤਰੀ ਸੂਬਿਆਂ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ’ਚ 19.663 ਬੀ.ਸੀ.ਐਮ. ਦੀ ਕੁਲ ਭੰਡਾਰਨ ਸਮਰੱਥਾ ਵਾਲੇ 10 ਜਲ ਭੰਡਾਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਪਰ, ਇਸ ਸਮੇਂ ਇਨ੍ਹਾਂ ਜਲ ਭੰਡਾਰਾਂ ’ਚ ਸਿਰਫ 5.554 ਬੀ.ਸੀ.ਐਮ. ਭੰਡਾਰਨ (ਕੁਲ ਸਮਰੱਥਾ ਦਾ 28%) ਹੈ। ਇਸ ਦੇ ਉਲਟ, ਪੂਰਬੀ ਖੇਤਰ, ਜਿਸ ’ਚ ਅਸਾਮ, ਝਾਰਖੰਡ, ਓਡੀਸ਼ਾ, ਪਛਮੀ ਬੰਗਾਲ, ਤ੍ਰਿਪੁਰਾ, ਨਾਗਾਲੈਂਡ ਅਤੇ ਬਿਹਾਰ ਸ਼ਾਮਲ ਹਨ, ’ਚ ਬਹੁਤ ਘੱਟ ਸੁਧਾਰ ਹੋਇਆ ਹੈ।

ਇਸ ਖੇਤਰ ’ਚ 23 ਜਲ ਭੰਡਾਰ ਹਨ ਜਿਨ੍ਹਾਂ ਦੀ ਕੁਲ ਭੰਡਾਰਨ ਸਮਰੱਥਾ 20.430 ਬੀਸੀਐਮ ਹੈ ਜਿੱਥੇ ਮੌਜੂਦਾ ਭੰਡਾਰਨ 6.013 ਬੀਸੀਐਮ (ਕੁਲ ਭੰਡਾਰਨ ਸਮਰੱਥਾ ਦਾ 29%) ਹੈ। ਦਖਣੀ ਖੇਤਰ, ਜਿਸ ’ਚ ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਸ਼ਾਮਲ ਹਨ, ਸੱਭ ਤੋਂ ਵੱਧ ਪ੍ਰਭਾਵਤ ਹਨ। ਇਨ੍ਹਾਂ ਸੂਬਿਆਂ ’ਚ 42 ਜਲ ਭੰਡਾਰਾਂ ਦੀ ਕੁਲ ਭੰਡਾਰਨ ਸਮਰੱਥਾ 53.334 ਬਿਲੀਅਨ ਕਿਊਬਿਕ ਮੀਟਰ (ਬੀ.ਸੀ.ਐਮ.) ਹੈ। ਇਸ ਸਮੇਂ ਇਨ੍ਹਾਂ ਜਲ ਭੰਡਾਰਾਂ ਦਾ ਭੰਡਾਰਨ ਪੱਧਰ ਘਟ ਕੇ 7.455 ਬੀ.ਸੀ.ਐਮ. ਰਹਿ ਗਿਆ ਹੈ, ਜੋ ਕੁਲ ਭੰਡਾਰਨ ਸਮਰੱਥਾ ਦਾ 14 ਫੀ ਸਦੀ ਹੈ। ਇਹ ਪਿਛਲੇ ਸਾਲ ਦੇ 25 ਫ਼ੀ ਸਦੀ ਨਾਲੋਂ ਬਹੁਤ ਘੱਟ ਹੈ ਅਤੇ ਆਮ ਪੱਧਰ (ਕੁਲ ਸਮਰੱਥਾ ਦਾ 20 ਫ਼ੀ ਸਦੀ ) ਤੋਂ ਬਹੁਤ ਘੱਟ ਹੈ।