ਪ੍ਰਧਾਨ ਮੰਤਰੀ ਦੀ ‘ਮੁਜਰਾ’ ਟਿਪਣੀ ’ਤੇ ਪ੍ਰਿਯੰਕਾ ਦਾ ਪਲਟਵਾਰ, ਕਿਹਾ, ‘ਪਰਵਾਰ ਦੇ ਮੁਖੀ ਨੂੰ ਅੱਖਾਂ ਦੀ ਸ਼ਰਮ ਨਹੀਂ ਗੁਆਉਣੀ ਚਾਹੀਦੀ’
ਮੋਦੀ ਜੀ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਅਪਣੀ ਅਸਲੀਅਤ ਨਾ ਵਿਖਾਉ। ਤੁਸੀਂ ਦੇਸ਼ ਨੂੰ ਅਪਣਾ ਪਰਵਾਰ ਕਿਹਾ ਹੈ, ਦੇਸ਼ ਤੁਹਾਡੇ ਪਰਵਾਰ ਵਰਗਾ ਹੈ : ਪ੍ਰਿਯੰਕਾ ਗਾਂਧੀ
ਗੋਰਖਪੁਰ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਹਾਰ ’ਚ ਦਿਤੇ ਭਾਸ਼ਣ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਇਕ ਪਰਵਾਰ ਦੇ ਮੁਖੀ ਨੂੰ ਕਦੇ ਵੀ ਅੱਖਾਂ ਦੀ ਸ਼ਰਮ ਨਹੀਂ ਗੁਆਉਣੀ ਚਾਹੀਦੀ।
ਗੋਰਖਪੁਰ ’ਚ ‘ਇੰਡੀਆ’ ਗੱਠਜੋੜ ਦੀ ਉਮੀਦਵਾਰ ਕਾਜਲ ਨਿਸ਼ਾਦ ਅਤੇ ਬਾਂਸਗਾਓਂ ਸੰਸਦੀ ਉਮੀਦਵਾਰ ਸਦਲ ਪ੍ਰਸਾਦ ਦੇ ਸਮਰਥਨ ’ਚ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਦੀ ਮੌਜੂਦਗੀ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਭੋਜਪੁਰੀ ’ਚ ‘ਰਾਊਵਾ ਸਾਭੇ ਕੇ ਰਾਮ-ਰਾਮ’ ਕਹਿ ਕੇ ਭੀੜ ਦਾ ਸਵਾਗਤ ਕੀਤਾ।
ਬਿਹਾਰ ’ਚ ਇਕ ਚੋਣ ਰੈਲੀ ’ਚ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, ‘‘ਮੋਦੀ ਜੀ ਨੇ ਬਿਹਾਰ ’ਚ ਭਾਸ਼ਣ ਦਿਤਾ ਅਤੇ ਵਿਰੋਧੀ ਧਿਰ ਦੇ ਆਗੂਆਂ ਲਈ ਅਜਿਹੇ ਸ਼ਬਦ ਬੋਲੇ ਜੋ ਦੇਸ਼ ਦੇ ਇਤਿਹਾਸ ’ਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਬੋਲੇ।’’
ਕਾਂਗਰਸ ਜਨਰਲ ਸਕੱਤਰ ਨੇ ਪ੍ਰਸਿੱਧ ਸੰਤ ਬਾਬਾ ਗੋਰਖਨਾਥ ਦੀ ਇਕ ਰਚਨਾ ‘ਮਨ ਮੇਂ ਰਹੀਬੇ ਭੇਦ ਨਾ ਕਰਿਬਾ ਬੋਲਬਾ ਅੰਮਿ ੍ਰਤਵਾਣੀ’ ਸੁਣਾਉਂਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਦੇ ਅਹੁਦੇ ਦਾ ਪੂਰੇ ਦੇਸ਼ ਦਾ ਸਨਮਾਨ ਕਰਦਾ ਹੈ, ਅਸੀਂ ਵੀ ਇਸ ਦਾ ਸਨਮਾਨ ਕਰਦੇ ਹਾਂ।’’
ਉਨ੍ਹਾਂ ਨੇ ਜਨਤਾ ’ਤੇ ਸਵਾਲ ਉਠਾਉਂਦੇ ਹੋਏ ਕਿਹਾ, ‘‘ਤੁਹਾਡਾ ਵਿਸ਼ਵਾਸ, ਤੁਹਾਡੀਆਂ ਉਮੀਦਾਂ ਇਕ ਸਮੇਂ ਮੋਦੀ ਜੀ ਨਾਲ ਜੁੜੀਆਂ ਹੋਈਆਂ ਸਨ, ਪਰ ਕੀ ਇਹ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਹੈ ਕਿ ਉਹ ਅਹੁਦੇ ਦੀ ਮਾਣ, ਅਹੁਦੇ ਦੀ ਇੱਜ਼ਤ ਬਣਾਈ ਰੱਖਣ?’’ ਕਾਂਗਰਸ ਆਗੂ ਨੇ ਕਿਹਾ, ‘‘ਅੱਜ ਜਿਸ ਤਰ੍ਹਾਂ ਉਹ (ਮੋਦੀ) ਬੋਲ ਰਹੇ ਹਨ, ਇਹ ਦੁਖਦਾਈ ਹੈ ਕਿ ਉਨ੍ਹਾਂ ਦੀ ਅਸਲੀਅਤ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ।’’
ਪ੍ਰਧਾਨ ਮੰਤਰੀ ’ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਜਨਰਲ ਸਕੱਤਰ ਨੇ ਕਿਹਾ, ‘‘ਮੋਦੀ ਜੀ, ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਅਪਣੀ ਅਸਲੀਅਤ ਨਾ ਵਿਖਾਉ। ਤੁਸੀਂ ਦੇਸ਼ ਨੂੰ ਅਪਣਾ ਪਰਵਾਰ ਕਿਹਾ ਹੈ, ਦੇਸ਼ ਤੁਹਾਡੇ ਪਰਵਾਰ ਵਰਗਾ ਹੈ।’’
ਪਿ ੍ਰਯੰਕਾ ਨੇ ਨਸੀਹਤ ਭਰੇ ਅੰਦਾਜ਼ ’ਚ ਕਿਹਾ, ‘‘ਪਰਵਾਰ ਦੇ ਮੁਖੀ, ਹਮੇਸ਼ਾ ਪਰਵਾਰ ਦੇ ਮੈਂਬਰਾਂ ਦੀ ਇਕ-ਦੂਜੇ ਪ੍ਰਤੀ ਅੱਖਾਂ ਦੀ ਇਕ ਸ਼ਰਮ ਹੁੰਦੀ ਹੈ ਉਹ ਨਹੀਂ ਗੁਆਉਣੀ ਚਾਹੀਦੀ। ਇਸ ਨੂੰ ਹਮੇਸ਼ਾ ਰਖਣਾ ਚਾਹੀਦਾ ਹੈ।’’ ਉਨ੍ਹਾਂ ਦੋਸ਼ ਲਾਇਆ, ‘‘ਪ੍ਰਧਾਨ ਮੰਤਰੀ ਨਿਰਾਸ਼ ਹੋ ਗਏ ਹਨ। ਉਹ ਭੁੱਲ ਗਏ ਹਨ ਕਿ ਉਹ ਦੇਸ਼ ਦੇ ਨੁਮਾਇੰਦੇ ਹਨ, ਤੁਹਾਡੇ ਨੁਮਾਇੰਦੇ ਹਨ ਅਤੇ ਅਜਿਹੇ ਸ਼ਬਦ ਉਨ੍ਹਾਂ ਦੇ ਮੂੰਹੋਂ ਨਹੀਂ ਨਿਕਲਣੇ ਚਾਹੀਦੇ।’’
ਕਾਂਗਰਸ ਜਨਰਲ ਸਕੱਤਰ ਨੇ ਦਾਅਵਾ ਕੀਤਾ ਕਿ ਅੱਜ ਦੇਸ਼ ’ਚ 70 ਕਰੋੜ ਲੋਕ ਬੇਰੁਜ਼ਗਾਰ ਹਨ ਅਤੇ ਬੇਰੁਜ਼ਗਾਰੀ 45 ਸਾਲਾਂ ’ਚ ਸੱਭ ਤੋਂ ਵੱਧ ਹੈ। ਕਾਂਗਰਸ ਜਨਰਲ ਸਕੱਤਰ ਨੇ ਪੁਛਿਆ , ‘‘ਕੀ ਮੋਦੀ ਜੀ ਇਸ ਬਾਰੇ ਗੱਲ ਕਰਦੇ ਹਨ, ਕੀ ਤੁਸੀਂ ਮੋਦੀ ਜੀ ਦੇ ਮੂੰਹੋਂ ਬੇਰੁਜ਼ਗਾਰ ਸ਼ਬਦ ਸੁਣਿਆ ਹੈ? ਕੀ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਦੱਸਣ ਦਾ ਸਮਾਂ ਆ ਗਿਆ ਹੈ ਕਿ ਬੇਰੁਜ਼ਗਾਰੀ ਕੀ ਹੁੰਦੀ ਹੈ?’’ ਗੋਰਖਪੁਰ ਅਤੇ ਬਾਂਸਗਾਓਂ ’ਚ 1 ਜੂਨ ਨੂੰ ਸੱਤਵੇਂ ਪੜਾਅ ’ਚ ਵੋਟਾਂ ਪੈਣਗੀਆਂ।