ਸੀਟ ਵੰਡ ਲਈ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਆਧਾਰ ਬਣਾਇਆ ਜਾਵੇ : ਜੇਡੀਯੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਗਲੀਆਂ ਲੋਕ ਸਭਾ ਚੋਣਾਂ ਵਾਸਤੇ ਐਨਡੀਏ ਦੀ ਅਗਵਾਈ ਵਾਲੀ ਭਾਜਪਾ ਸਮੇਤ ਬਿਹਾਰ ਦੀਆਂ ਚਾਰ ਭਾਈਵਾਲੀ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ.....

Janata Dal (United)

ਨਵੀਂ ਦਿੱਲੀ : ਅਗਲੀਆਂ ਲੋਕ ਸਭਾ ਚੋਣਾਂ ਵਾਸਤੇ ਐਨਡੀਏ ਦੀ ਅਗਵਾਈ ਵਾਲੀ ਭਾਜਪਾ ਸਮੇਤ ਬਿਹਾਰ ਦੀਆਂ ਚਾਰ ਭਾਈਵਾਲੀ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਲਈ ਜੇਡੀਯੂ 2015 ਦੇ ਰਾਜ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਆਧਾਰ ਬਣਾਉਣਾ ਚਾਹੁੰਦੀ ਹੈ। ਜੇਡੀਯੂ ਆਗੂਆਂ ਦਾ ਦਾਅਵਾ ਹੈ ਕਿ 2015 ਦੀਆਂ ਵਿਧਾਨ ਸਭਾ ਚੋਣਾਂ ਰਾਜ ਵਿਚ ਸੱਭ ਤੋਂ ਤਾਜ਼ਾ ਸ਼ਕਤੀ ਪ੍ਰਦਰਸ਼ਨ ਸੀ ਅਤੇ ਆਮ ਚੋਣਾਂ ਲਈ ਸੀਟ ਵੰਡ ਵਿਚ ਇਸ ਦੇ ਨਤੀਜਿਆਂ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। 

ਐਨਡੀਏ ਦੇ ਭਾਈਵਾਲਾਂ ਵਿਚਕਾਰ ਸੀਟ ਵੰਡ ਬਾਰੇ ਗੱਲਬਾਤ ਹਾਲੇ ਸ਼ੁਰੂ ਨਹੀਂ ਹੋਈ ਪਰ ਜੇਡੀਯੂ ਆਗੂਆਂ ਨੇ ਕਿਹਾ ਕਿ ਭਾਜਪਾ ਨੂੰ ਇਹ ਯਕੀਨੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਿ ਸੀਟ ਵੰਡ ਬਾਰੇ ਫ਼ੈਸਲਾ ਛੇਤੀ ਹੋਵੇ ਤਾਕਿ ਚੋਣਾਂ ਸਮੇਂ ਕੋਈ ਗੰਭੀਰ ਮਤਭੇਦ ਨਾ ਪੈਦਾ ਹੋ ਜਾਣ। ਸਾਲ 2015 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਜੇਡੀਯੂ ਨੂੰ ਰਾਜ ਦੀਆਂ 243 ਸੀਟਾਂ ਵਿਚੋਂ 71 ਸੀਟਾਂ ਮਿਲੀਆਂ ਸਨ ਜਦਕਿ ਭਾਜਪਾ ਨੂੰ 53 ਅਤੇ ਹੋਰ ਭਾਈਵਾਲ ਪਾਰਟੀਆਂ ਨੂੰ ਦੋ ਦੋ ਸੀਟਾਂ ਮਿਲੀਆਂ ਸਨ।

ਜੇਡੀਯੂ ਉਸ ਵਕਤ ਆਰਜੇਡੀ ਦੀ ਭਾਈਵਾਲ ਸੀ। ਉਧਰ, ਭਾਜਪਾ ਦੇ ਨੇਤਾ ਨੇ ਜੇਡੀਯੂ ਦੀ ਦਲੀਲ ਨੂੰ ਰੱਦ ਕਰਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੱਖ ਵੱਖ ਪਾਰਟੀਆਂ ਅਜਿਹੀ ਚਾਲ ਚਲਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ 2015 ਵਿਚ ਲਾਲੂ ਪ੍ਰਸਾਦ ਦੀ ਅਗਵਾਈ ਵਾਲੀ ਆਰਜੇਡੀ ਦੇ ਗਠਜੋੜ ਕਾਰਨ ਜੇਡੀਯੂ ਨੂੰ ਫ਼ਾਇਦਾ ਹੋਇਆ ਸੀ ਅਤੇ ਨਿਤੀਸ਼ ਦੀ ਹੈਸੀਅਤ ਦਾ ਅੰਦਾਜ਼ਾ 2014 ਦੀਆਂ ਲੋਕ ਸਭਾ ਚੋਣਾਂ ਤੋਂ ਲਾਇਆ ਜਾ ਸਕਦਾ ਹੈ ਜਦ ਉਹ ਇਕੱਲਿਆਂ ਲੜੀ ਸੀ ਅਤੇ ਉਸ ਨੁੰ 40 ਵਿਚੋਂ ਸਿਰਫ਼ ਦੋ ਸੀਟਾਂ ਮਿਲੀਆਂ ਸਨ। (ਏਜੰਸੀ)