ਅਸੀਂ ਗਠਜੋੜ ਦੇ ਏਜੰਡੇ ਤੋਂ ਕਦੇ ਵੀ ਪਾਸੇ ਨਹੀਂ ਹਟੇ : ਮਹਿਬੂਬਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਪੀਡੀਪੀ ਮੁਖੀ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ......

Mehbooba Mufti

ਸ੍ਰੀਨਗਰ : ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਪੀਡੀਪੀ ਮੁਖੀ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਰੁਧ ਝੂਠੇ ਦੋਸ਼ ਲਾਏ ਗਏ ਹਨ ਜਦਕਿ ਉਹ ਸਾਂਝੇ ਪ੍ਰੋਗਰਾਮ ਪ੍ਰਤੀ ਅਪਣੀ ਪ੍ਰਤੀਬੱਧਤਾ ਤੋਂ ਕਦੇ ਵੀ ਪਿੱਛੇ ਨਹੀਂ ਹਟੇ। ਮਹਿਬੂਬਾ ਨੇ ਕਿਹਾ ਕਿ ਇਹ ਵੇਖਣਾ ਦੁਖਦ ਹੈ ਕਿ ਭਗਵਾਂ ਪਾਰਟੀ ਨੇ ਅਪਣੇ ਕਦਮ ਪਿੱਛੇ ਖਿੱਚ ਲਏ ਹਨ। ਸੂਬੇ ਵਿਚ ਪੀਡੀਪੀ ਅਤੇ ਭਾਜਪਾ ਦੇ ਗਠਜੋੜ ਵਾਲੀ ਸਰਕਾਰ ਪਿਛਲੇ ਦਿਨੀਂ ਡਿੱਗ ਗਈ ਕਿਉਂਕਿ ਭਗਵਾਂ ਪਾਰਟੀ ਨੇ ਗਠਜੋੜ ਤੋਂ ਬਾਹਰ ਹੋਣ ਦਾ ਫ਼ੈਸਲਾ ਕੀਤਾ ਸੀ।

ਮਹਿਬੂਬਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜ਼ਮੀਨ 'ਤੇ ਵਿਸ਼ਵਾਸ ਬਹਾਲ ਕਰਨ ਲਈ ਜਿਹੜੇ ਕਦਮ ਚੁੱਕੇ, ਉਨ੍ਹਾਂ ਨੂੰ ਭਾਜਪਾ ਸਰਕਾਰ ਨੇ ਮਾਨਤਾ ਨਹੀਂ ਦਿਤੀ। ਉਨ੍ਹਾਂ ਕਿਹਾ, 'ਧਾਰਾ 370 ਬਾਰੇ ਸਥਿਤੀ ਜਿਉਂ ਦੀ ਤਿਉਂ, ਪਾਸਿਕਤਾਨ ਅਤੇ ਹੁਰੀਅਤ ਨਾਲ ਗੱਲਬਾਤ ਗਠਜੋੜ ਦੇ ਏਜੰਡੇ ਦਾ ਹਿੱਸਾ ਸਨ। ਗੱਲਬਾਤ ਨੂੰ ਉਤਸ਼ਾਹਤ ਕਰਨਾ, ਪੱਥਰਬਾਜ਼ਾਂ ਵਿਰੁਧ ਮਾਮਲੇ ਵਾਪਸ ਲੈਣਾ ਅਤੇ ਅਤਿਵਾਦੀਆਂ ਵਿਰੁਧ ਮੁਹਿੰਮ ਨੂੰ ਇਕਤਰਫ਼ਾ ਤੌਰ 'ਤੇ ਰੋਕਣਾ ਸ਼ਾਂਤੀ ਬਹਾਲੀ ਲਈ ਜ਼ਰੂਰੀ ਕਦਮ ਸਨ। ਭਾਜਪਾ ਨੇ ਵੀ ਇਸ ਕਦਮ ਦਾ ਸਮਰਥਨ ਕੀਤਾ ਸੀ।' 

ਮਹਿਬੂਬਾ ਨੇ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੰਮੂ ਵਿਚ ਕਲ ਸ਼ਾਹ ਦੁਆਰਾ ਲਾਏ ਗਏ ਦੋਸ਼ਾਂ ਦਾ ਹਕੀਕਤ ਵਿਚ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੰਮੂ ਅਤੇ ਲਦਾਖ਼ ਨਾਲ ਭੇਦਭਾਵ ਕੀਤੇ ਜਾਣ ਦੇ ਦੋਸ਼ਾਂ ਦਾ ਹਕੀਕਤ ਵਿਚ ਕੋਈ ਆਧਾਰ ਨਹੀਂ ਹੈ। ਘਾਟੀ ਲੰਮੇ ਸਮੇਂ ਤੋਂ ਅਸ਼ਾਂਤ ਹੈ। (ਏਜੰਸੀ) ਸ਼ਾਹ ਨੇ ਕਲ ਕਿਹਾ ਸੀ ਕਿ ਕਾਨੂੰਨ ਵਿਵਸਥਾ ਮਾੜੀ ਹੋਣ ਕਾਰਨ ਅਤੇ ਜੰਮੂ ਤੇ ਲਦਾਖ਼ ਵਿਚ ਬਰਾਬਰ ਵਿਕਾਸ ਕਰਨ ਵਿਚ ਰਾਜ ਸਰਕਾਰ ਦੀ ਨਾਕਾਮੀ ਕਾਰਨ ਭਾਜਪਾ ਨੇ ਗਠਜੋੜ ਤੋੜਨ ਦਾ ਫ਼ੈਸਲਾ ਕੀਤਾ। (ਏਜੰਸੀ)