ਬੱਚਿਆਂ ਦੀ ਮੌਤ ਲਈ ਪ੍ਰਦਰਸ਼ਨ ਕਰਨ 'ਤੇ 39 ਲੋਕਾਂ ਵਿਰੁੱਧ ਮਾਮਲਾ ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕਾਂ ਨੇ ਕਿਹਾ - ਜਦੋਂ ਸਾਡਾ ਬੱਚੇ ਮਰ ਰਹੇ ਹਨ ਅਤੇ ਸਾਡੇ ਕੋਲ ਪੀਣ ਵਾਲਾ ਪਾਣੀ ਨਹੀਂ ਹੈ ਤਾਂ ਅਸੀ ਵਿਰੋਧ ਕਿਉਂ ਨਾ ਕਰੀਏ?

Bihar: FIR Against 39 Men For Protesting Against Encephalitis Deaths

ਪਟਨਾ : ਬਿਹਾਰ 'ਚ ਚਮਕੀ ਬੁਖ਼ਾਰ ਮਤਲਬ ਐਕਿਊਟ ਇਨਸੇਫ਼ਲਾਈਟਿਸ ਸਿੰਡਰੋਮ (Acute Encephalitis Syndrome) ਕਾਰਨ ਮੌਤਾਂ ਦਾ ਸਿਲਸਿਲਾ ਜਾਰੀ ਹੈ। ਹਸਪਤਾਲਾਂ 'ਚ ਸਿਹਤ ਸਹੂਲਤਾਂ ਦੀ ਘਾਟ ਹੈ ਅਤੇ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨਾਕਾਫ਼ੀ ਹਨ। ਇਨ੍ਹਾਂ ਸਾਰਿਆਂ ਵਿਚਕਾਰ ਨੇਤਾਵਾਂ ਦੇ ਬਿਆਨਾਂ ਨੇ ਪੀੜਤਾਂ ਦਾ ਦਰਦ ਵਧਾਇਆ ਹੈ ਅਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਅਜਿਹਾ ਕਦਮ ਚੁੱਕਿਆ ਹੈ, ਜਿਸ ਦੀ ਚਾਰੇ ਪਾਸੇ ਨਿਖੇਧੀ ਹੋ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚਿਆਂ ਦੀ ਮੌਤ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵੈਸ਼ਾਲੀ ਜ਼ਿਲ੍ਹੇ ਦੇ ਹਰਿਵੰਸ਼ਪੁਰਾ ਪਿੰਡ ਦੇ 39 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਇਹ ਐਫਆਈਆਰ ਪਾਣੀ ਦੀ ਕਮੀ ਅਤੇ ਚਮਕੀ ਬੁਖ਼ਾਰ ਨਾਲ ਬੱਚਿਆਂ ਦੀ ਮੌਤ ਨੂੰ ਲੈ ਕੇ ਪ੍ਰਦਰਸ਼ਨ ਕਰਨ ਲਈ ਕੀਤੀ ਗਈ ਹੈ। ਬਿਹਾਰ 'ਚ ਜਿੱਥੇ ਚਮਕੀ ਬੁਖ਼ਾਰ ਨਾਲ 150 ਤੋਂ ਬੱਚਿਆਂ ਦੀ ਮੌਤ ਹੋਈ ਹੈ, ਉਥੇ ਇਹ ਪਿੰਡ ਸੱਭ ਤੋਂ ਵੱਧ ਪ੍ਰਭਾਵਤ ਹੈ। ਇਥੇ ਹੁਣ ਤਕ 11 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਜਿਨ੍ਹਾਂ ਲੋਕਾਂ ਵਿਰੁੱਧ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਕਿਹਾ ਕਿ ਜਦੋਂ ਸਾਡਾ ਬੱਚੇ ਮਰ ਰਹੇ ਹਨ ਅਤੇ ਸਾਡੇ ਕੋਲ ਪੀਣ ਵਾਲਾ ਪਾਣੀ ਨਹੀਂ ਹੈ ਤਾਂ ਅਸੀ ਵਿਰੋਧ ਕਿਉਂ ਨਾ ਕਰੀਏ?

ਜ਼ਿਕਰਯੋਗ ਹੈ ਕਿ ਹਰਿਵੰਸ਼ਪੁਰਾ ਪਿੰਡ ਦੇ ਲੋਕਾਂ ਨੇ ਬੱਚਿਆਂ ਦੀਆਂ ਮੌਤਾਂ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਪਰ ਪ੍ਰਦਰਸ਼ਨ ਕਰ ਰਹੇ 39 ਲੋਕਾਂ ਵਿਰੁੱਧ ਮਾਮਲਾ ਜ਼ਰੂਰ ਦਰਜ ਕਰ ਲਿਆ।