ਛੇੜਛਾੜ ਦਾ ਵਿਰੋਧ ਕਰਨ 'ਤੇ ਪਰਵਾਰ ਨੂੰ ਕਾਰ ਚਾਲਕ ਨੇ ਦਰੜਿਆ, 2 ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਰਵਾਰ ਨੇ ਲਾਸ਼ਾਂ ਨੂੰ ਸੜਕ 'ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ

Bulandshahr: Miscreants Try to Molest Woman, Run Car Over Family; 2 Die

ਬੁਲੰਦਸ਼ਹਿਰ : ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਚਾਂਦਪੁਰ ਪਿੰਡ 'ਚ ਛੇੜਛਾੜ ਦਾ ਵਿਰੋਧ ਕਰਨਾ ਇਕ ਪਰਵਾਰ ਨੂੰ ਮਹਿੰਗਾ ਪੈ ਗਿਆ। ਪਿੰਡ ਦੇ ਰਸੂਖਦਾਰ ਲੋਕਾਂ ਨੇ ਵਿਰੋਧ ਕਰਨ 'ਤੇ ਪਰਵਾਰ ਉੱਪਰ ਗੱਡੀ ਚੜ੍ਹਾ ਦਿੱਤੀ। ਇਸ ਘਟਨਾ 'ਚ ਪਰਵਾਰ ਦੀ 2 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਮਗਰੋਂ ਨਾਰਾਜ਼ ਪਰਵਾਰ ਅਤੇ ਪਿੰਡ ਵਾਸੀਆਂ ਨੇ ਕਾਫ਼ੀ ਹੰਗਾਮਾ ਕੀਤਾ। ਪਰਵਾਰ ਨੇ ਲਾਸ਼ਾਂ ਨੂੰ ਸੜਕ 'ਤੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਪੁਲਿਸ ਅਤੇ ਹਸਪਤਾਲ ਪ੍ਰਸ਼ਾਸਨ ਇਸ ਘਟਨਾ ਨੂੰ ਸੜਕ ਹਾਦਸਾ ਦੱਸ ਰਿਹਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਬੀਤੀ ਸ਼ਾਮ ਜਦੋਂ ਘਟਨਾ ਵਾਪਰੀ ਸੀ ਤਾਂ ਪਰਵਾਰ ਵਾਲਿਆਂ ਨੇ ਟਰੱਕ ਨਾਲ ਦਰੜੇ ਜਾਣ ਦੀ ਸੂਚਨਾ ਦਿੱਤੀ ਸੀ। ਬਾਅਦ 'ਚ ਪਰਵਾਰ ਨੇ ਇਸ ਘਟਨਾ ਨੂੰ ਛੇੜਛਾੜ ਦੀ ਘਟਨਾ ਦਾ ਹੀ ਹਿੱਸਾ ਦੱਸਦਿਆਂ ਕਿਹਾ ਕਿ ਪਰਵਾਰ ਦੇ 4 ਮੈਂਬਰਾਂ ਉੱਤੇ ਕਾਰ ਚੜ੍ਹਾ ਦਿੱਤੀ ਗਈ। ਪੁਲਿਸ ਨੇ ਸ਼ੁਰੂਆਤ 'ਚ ਸੜਕ ਹਾਦਸੇ ਦਾ ਮਾਮਲਾ ਦਰਜ ਕੀਤਾ ਪਰ ਹੁਣ ਕਹਿ ਰਹੀ ਹੈ ਕਿ ਉਹ ਦਲਿਤ ਪਰਵਾਰ 'ਤੇ ਗੱਡੀ ਚੜ੍ਹਾਉਣ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਪੁਲਿਸ ਨੂੰ ਇਕ ਸੀਸੀਟੀਵੀ ਫ਼ੁਟੇਜ਼ ਵੀ ਮਿਲੀ ਹੈ, ਜਿਸ 'ਚ ਇਕ ਤੇਜ਼ ਰਫ਼ਤਾਰ ਕਾਰ ਸੜਕ 'ਤੇ ਜਾਂਦੀ ਵਿਖਾਈ ਦੇ ਰਹੀ ਹੈ ਅਤੇ ਉਸ ਦੇ ਪਿੱਛੇ ਲੋਕ ਭੱਜ ਰਹੇ ਹਨ। 

ਜਾਣਕਾਰੀ ਮੁਤਾਬਕ ਪੀੜਤ ਪਰਵਾਰ ਦੀ ਇਕ ਲੜਕੀ ਨਾਲ ਪਿੰਡ ਦੇ ਹੀ ਲੜਕੇ ਨੇ ਛੇੜਛਾੜ ਕੀਤੀ ਸੀ। ਲੜਕੀ ਦੇ ਭਰਾ ਨੇ ਮੌਕੇ 'ਤੇ ਮੁਲਜ਼ਮ ਲੜਕੇ ਨੂੰ ਥੱਪੜ ਮਾਰ ਦਿੱਤੇ ਸਨ। ਇਸ ਘਟਨਾ ਤੋਂ ਬਾਅਦ ਮੁਲਜ਼ਮ ਲੜਕਾ ਆਪਣੇ ਘਰ ਚਲਾ ਗਿਆ ਅਤੇ ਅਰਟਿਗਾ ਕਾਰ ਲੈ ਕੇ ਵਾਪਸ ਲੜਕੀ ਦੇ ਘਰ ਦੇ ਬਾਹਰ ਆ ਕੇ ਖੜਾ ਹੋ ਗਿਆ। ਜਿਵੇਂ ਹੀ ਲੜਕੀ ਦੇ ਪਰਵਾਰ ਵਾਲੇ ਘਰ ਤੋਂ ਬਾਹਰ ਨਿਕਲੇ ਤਾਂ ਮੁਲਜ਼ਮ ਨੇ ਉਨ੍ਹਾਂ ਉੱਪਰ ਗੱਡੀ ਚੜ੍ਹਾ ਦਿੱਤੀ। ਮ੍ਰਿਤਕ ਔਰਤਾਂ ਦੀ ਪਛਾਣ ਲੜਕੀ ਦੀ ਮਾਂ ਅਤੇ ਚਾਚੀ ਵਜੋਂ ਹੋਈ ਹੈ, ਜਦਕਿ ਲੜਕੀ ਦਾ ਭਰਾ ਅਤੇ ਇਕ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੈ।