ਭਾਜਪਾ ਸਾਂਸਦ ਨੇ ਅਰੁਣਾਚਲ ’ਚ ਚੀਨੀ ਕਬਜ਼ੇ ਦਾ ਦਾਅਵਾ ਕੀਤਾ, ਸਪੱਸ਼ਟੀਕਰਨ ਦੇਵੇ ਸਰਕਾਰ : ਕਾਂਗਰਸ
ਕਾਂਗਰਸ ਨੇ ਬੁਧਵਾਰ ਨੂੰ ਕਿਹਾ ਕਿ ਭਾਜਪਾ ਸਾਂਸਦ ਤਾਪਿਰ ਗਾਵ ਨੇ ਅਰੁਣਾਚਲ ਪ੍ਰਦੇਸ਼ ਵਿਚ 50-60 ਕਿਲੋਮੀਟਰ ਖੇਤਰ ’ਤੇ ਚੀਨ ਦੀ
ਨਵੀਂ ਦਿੱਲੀ, 24 ਜੂਨ : ਕਾਂਗਰਸ ਨੇ ਬੁਧਵਾਰ ਨੂੰ ਕਿਹਾ ਕਿ ਭਾਜਪਾ ਸਾਂਸਦ ਤਾਪਿਰ ਗਾਵ ਨੇ ਅਰੁਣਾਚਲ ਪ੍ਰਦੇਸ਼ ਵਿਚ 50-60 ਕਿਲੋਮੀਟਰ ਖੇਤਰ ’ਤੇ ਚੀਨ ਦੀ ਫ਼ੌਜ ਦੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ ਜਿਸ ’ਤੇ ਸਰਕਾਰ ਨੂੰ ਤੁਰਤ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਪਾਰਟੀ ਦੇ ਬੁਲਾਰੇ ਮਨੀਸ਼ ਤਿਵਾਰੀ ਨੇ ਇਹ ਸਵਾਲ ਵੀ ਕੀਤਾ ਕਿ ਸਰਕਾਰ ਨੂੰ ਦਸਣਾ ਚਾਹੀਦਾ ਹੈ ਕਿ ਤਾਪਿਰ ਗਾਵ ਦੀ ਗਲ ਸਹੀ ਹੈ ਜਾਂ ਗਲਤ?
ਉਨ੍ਹਾਂ ਨੇ ਵੀਡੀਉ Çਲੰਕ ਰਾਹੀਂ ਪੱਤਰਕਾਰਾਂ ਨੂੰ ਕਿਹਾ,‘‘ਲਦਾਖ਼ ਵਿਚ ਚੀਨੀ ਘੁਸਪੈਠ ਦੀ ਖ਼ਬਰ ਆਉਣ ਤੋਂ ਬਾਅਦ ਭਾਜਪਾ ਦੀ ਸਰਕਾਰ ਇਸ ਨੂੰ ਨਕਾਰਨ ਅਤੇ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ। ਹੁਣ ਭਾਜਪਾ ਸਾਂਸਦ ਤਾਪਿਰ ਗਾਵ ਨੇ ਜੋ ਕਿਹਾ ਹੈ, ਉਸ ’ਤੇ ਸਰਕਾਰ ਨੂੰ ਸਚਾਈ ਦਸਣੀ ਚਾਹੀਦੀ ਹੈ।’’
ਤਿਵਾਰੀ ਮੁਤਾਬਕ, ਤਾਪਿਰ ਗਾਵ ਨੇ 18 ਜੂਨ ਨੂੰ ਇਕ ਅਸਮੀ ਚੈਨਲ ਨੂੰ ਦਿਤੀ ਇੰਟਰਵਿਉ ਵਿਚ ਕਿਹਾ ਸੀ ਕਿ ਸੁਬਾਨਸਰੀ ਨਦੀ ਦੇ ਦੋਹਾਂ ਪਾਸੇ ਜ਼ਮੀਨ ਜੋ ਭਾਰਤੀ ਸਰਹਦ ਵਿਚ ਹੈ, ਉਸ ’ਤੇ ਚੀਲੀ ਫ਼ੌਜ ਨੇ ਕਬਜ਼ਾ ਕਰ ਲਿਆ ਹੈ ਅਤੇ ਨਦੀ ’ਤੇ ਪੁਲ ਬਣਾ ਦਿਤਾ ਹੈ, ਨੇੜੇ ਹੀ ਹੈਲੀਪੈਡ ਅਤੇ ਸੜਕ ਦਾ ਨਿਰਮਾਣ ਵੀ ਕਰ ਦਿਤਾ ਹੈ। ਤਿਵਾਰੀ ਨੇ ਦਾਅਵਾ ਕੀਤਾ,‘‘ਇਸ ਇੰਟਵਿਉ ਵਿਚ ਭਾਜਪਾ ਸਾਂਸਦ ਨੇ ਇਹ ਵੀ ਕਿਹਾ ਕਿ ਚੀਨ ਦੀ ਪੀਐਲਏ ਨੇ ਮੈਕਮੋਹਨ ਰੇਖਾ ਦੇ 10-12 ਕਿਲੋਮੀਟਰ ਅੰਦਰ ਸਾਂਝੇ ਇਲਾਕੇ ਵਿਚ ਸਥਿਤ ਭਾਰਤੀ ਫ਼ੌਜ ਦੇ ਬੇਸ ’ਤੇ ਵੀ ਕਬਜ਼ਾ ਕਰ ਲਿਆ ਹੈ।’’
ਕਾਂਗਰਸ ਸਾਂਸਦ ਗੌਰਵ ਗੋਗੋਈ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੂਸਰਾ ਡੋਕਲਾਮ ਨਹੀਂ ਹੋਦਾ ਚਾਹੀਦਾ ਅਤੇ ਲਦਾਖ਼ ਤੇ ਹੋਰ ਸਾਰੇ ਖੇਤਰਾਂ ਵਿਚ ਪਹਿਲਾਂ ਵਾਲੀ ਸਥਿਤੀ ਬਹਾਲ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ,‘‘ਪ੍ਰਧਾਨ ਮੰਤਰੀ ਅਪਣੀ ਛਵੀ ਵਿਚ ਇਨੇ ਮਸਤ ਹਨ ਕਿ ਉਨ੍ਹਾਂ ਨੂੰ ਅਰਥਚਾਰੇ ਅਤੇ ਦੇਸ਼ ਦੀ ਸੁਰੱਖਿਆ ਦੀ ਸਥਿਤੀ ਨਹੀਂ ਦਿਖ ਰਹੀ।’’