ਆਰਥਕ ਵਿਕਾਸ ਲਈ ਮੋਦੀ ਸਰਕਾਰ ਨੇ ਕਈ ‘ਇਤਿਹਾਸਕ’ ਫ਼ੈਸਲੇ ਲਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਤਿਹਾਸਕ ਫ਼ੈਸਲਿਆਂ ਦਾ ਉਦੇਸ਼ ਆਰਥਕ ਵਿਕਾਸ ਅਤੇ ਅਸਮਾਨ ਵਿਚ ਦੇਸ਼ ਦੀ ਤਰੱਕੀ ਨੂੰ ਗਤੀ ਦੇਣਾ : ਮੋਦੀ

Narendra Modi

ਨਵੀਂ ਦਿੱਲੀ, 24 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੁਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਵਲੋਂ ਪਏ ਗਏ ਇਤਿਹਾਸਕ ਫ਼ੈਸਲਿਆਂ ਦਾ ਉਦੇਸ਼ ਆਰਥਕ ਵਿਕਾਸ ਅਤੇ ਅਸਮਾਨ ਵਿਚ ਦੇਸ਼ ਦੀ ਤਰੱਕੀ ਨੂੰ ਗਤੀ ਦੇਣ ਅਤੇ ਕਿਸਾਨਾਂ, ਪੇਂਡੂਆਂ ਅਤੇ ਛੋਟੇ ਕਾਰੋਬਾਰੀਆਂ ਦੀ ਮਦਦ ਕਰਨਾ ਹੈ। ਮੰਤਰੀ ਮੰਡਲ ਦੀ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਦਾ ਲਾਹਾ ਕਰੋੜਾਂ ਭਾਰਤੀ ਲੈਣਗੇ। ਉਨ੍ਹਾਂ ਗਰਿਹਾਂ ਦੀ ਖੋਜ ਦੇ ਮਿਸ਼ਨਾਂ ਸਮੇਤ ਅਸਮਾਨ ਦੀਆਂ ਗਤੀਵਿਧਿਆਂ ਵਿਚ ਨਿਜੀ ਖੇਤਰ ਨੂੰ ਸ਼ਾਮਲ ਹੋਣ ਦੀ ਪ੍ਰਵਾਨਗੀ ਦੇਣ ਦੇ ਫ਼ੈਸਲੇ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ,‘‘ਸੁਧਾਰ ਯਾਤਰਾ ਜਾਰੀ ਹੈ।’’

ਮੋਦੀ ਨੇ ਕਿਹਾ ਕਿ ਹਵਾਈ ਖੇਤਰ ਵਿਚ ਸੁਧਾਰ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਦੇਸ਼ ਨੂੰ ਆਤਮਨਿਰਭਰ ਅਤੇ ਤਕਨੀਕੀ ਰੂਪ ਵਿਚ ਅੱਗੇ ਬਨਾਉਣ ਦੀ ਦਿਸ਼ਾ ਵਿਚ ਇਕ ਹੋਰ ਕਦਮ ਹੈ। ਸੁਖਮ, ਲਘੂ ਅਤੇ ਮੱਧ ਉਦਯੋਗੀ ਖੇਤਰਾਂ ਸਬੰਧੀ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਕੈਬਨਿਟ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਬਾਲ ਕਰਜ਼ਾ ਖਾਤਿਆਂ ਲਈ ਵਿਆਜ ਸਹਾਇਤਾ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ,‘‘ਇਹ ਯੋਜਨਾ ਛੋਟੇ ਕਾਰੋਬਾਰੀਆਂ ਨੂੰ ਬਹੁਤ ਸਹਿਯੋਗ ਅਤੇ ਸਥਿਰਤਾ ਪ੍ਰਦਾਨ ਕਰੇਗੀ।’’

ਉਨ੍ਹਾਂ ਕਿਹਾ ਕਿ ਪਸ਼ੂਧਨ ਬੁਨਿਆਦੀ ਵਿਕਾਸ ਫ਼ੰਡ ਦੀ ਸਥਾਪਨਾ ਇਸ ਖੇਤਰ ਦੀ ਮਜ਼ਬੂਤੀ ਲਈ ਕਾਰਗਰ ਹੋਵੇਗੀ ਅਤੇ ਕਿਸਾਨਾਂ ਦੀ ਆਮਦਨ ਵਧਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਸ਼ੀਨਗਰ ਹਵਾਈ ਅੱਡੇ ਨੂੰ ਆਲਮੀ ਹਵਾਈ ਅੱਡੇ ਦੇ ਰੂਪ ਵਿਚ ਉਨਤ ਕਰਨ ਦਾ ਫ਼ੈਸਲਾ ਉਤਰ ਪ੍ਰਦੇਸ਼ ਸੈਲਾਨੀ ਖੇਤਰ ਅਤੇ ਭਗਵਾਨ ਬੁਧ ਦੇ ਆਦਰਸ਼ ਵਿਚਾਰਾਂ ਤੋਂ ਪੇ੍ਰਰਤ ਲੋਕਾਂ ਲਈ ਸ਼ੁਭ ਸਮਾਚਾਰ ਹੈ।

 ਸਰਕਾਰ ਨੇ ਨਿਜੀ ਖੇਤਰ ਦੀਆਂ ਇਕਾਈਆਂ ਨੂੰ ਡੇਅਰੀ, ਪੋਲਟਰੀ ਅਤੇ ਮਾਸ ਇਕਾਈਆਂ ਦੀ ਸਥਾਪਨਾ ਕਰਨ ਲਈ ਕਰਜ਼ ’ਤੇ ਤਿੰਨ ਫ਼ੀ ਸਦੀ ਤਕ ਦੀ ਵਿਆਜ ਸਹਾਇਤਾ ਦੇਣ ਲਈ 15,000 ਕਰੋੜ ਰੁਪਏ ਦੇ ਇਕ ਨਵਾਂ ਬੁਨਿਆਦੀ ਢਾਂਚਾ ਫ਼ੰਡ ਬਨਾਉਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ’ਚ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਸਬੰਧੀ ਫ਼ੈਸਲਾ ਲਿਆ ਗਿਆ।

ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ,‘‘ਮੰਤਰੀ ਮੰਡਲ ਵਲੋਂ 15,000 ਕਰੋੜ ਰੁਪਏ ਦੇ ਫ਼ੰਡ ਦੀ ਮਨਜ਼ੂਰੀ ਦਿਤੀ ਗਈ ਹੈ ਜੋ ਸਾਰਿਆਂ ਲਈ ਹੋਵੇਗਾ ਅਤੇ ਇਹ ਦੁਧ ਉਤਪਾਦਨ ਵਧਾਉਣ, ਨਿਰਯਾਤ ਵਧਾਉਣ ਅਤੇ ਦੇਸ਼ ਵਿਚ 35 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਮਦਦ ਕਰੇਗਾ।’’ ਮੰਤਰੀ ਮੰਡਲ ਨੇ ਸਪੇਸ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਵਿਚ ਬੁਧਵਾਰ ਨੂੰ ਨਿਜੀ ਖੇਤਰ ਦੀ ਭਾਈਵਾਲੀ ਨੂੰ ਮਨਜ਼ੂਰੀ ਦੇ ਦਿਤੀ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਇਹ ਜਾਣਕਾਰੀ ਦਿਤੀ। 

ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ ਸਿੰਘ ਨੇ ਕਿਹਾ ਕਿ ਹਾਲ ਹੀ ਵਿਚ ਬਣਿਆ ਭਾਰਤੀ ਰਾਸ਼ਟਰੀ ਸਪੇਸ ਅਤੇ ਪ੍ਰਮਾਣੀਕਰਨ ਕੇਂਦਰ (ਇਨ-ਸਪੇਸ) ਨਿਜੀ ਕੰਪਨੀਆਂ ਨੂੰ ਭਾਰਤੀ ਸਪੇਸ ਸਬੰਧੀ ਆਧਾਰਭੂਤ ਢਾਂਚੇ ਦਾ ਇਸਤੇਮਾਲ ਕਰਨ ਵਿਚ ਸਮਾਨ ਮੌਕੇ ਉਪਲਭਦ ਕਰਾਏਗਾ। ਸਪੇਸ ਵਿਭਾਗ ਪ੍ਰਧਾਨ ਮੰਤਰੀ ਦਫ਼ਤਰ ਅਧੀਨ ਆਉਂਦਾ ਹੈ।

ਕੇਂਦਰੀ ਮੰਤਰੀ ਮੰਡਲ ਨੇ ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਹਵਾਈ ਅੱਡੇ ਨੂੰ ਆਲਮੀ ਹਵਾਈ ਅੱਡਾ ਐਲਾਨਣ ਦੇ ਪ੍ਰਸਤਾਵ ਨੂੰ ਬੁਧਵਾਰ ਨੂੰ ਮਨਜ਼ੂਰੀ ਦੇ ਦਿਤੀ। ਇਸ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਬੋਧੀ ਤੀਰਥ ਯਾਤਰੀਆਂ ਨੂੰ ਸਹੁਲਤ ਮਿਲੇਗੀ। ਸਰਕਾਰ ਨੇ ਅਪਣੀ ਪ੍ਰਮੁਖ ਯੋਜਨਾ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐਮਐਮਵਾਈ) ਤਹਿਤ ਬਾਲ ਕਰਜ਼ਾ ਸ਼ੇ੍ਰਣੀ ਦੇ ਕਰਜ਼ਦਾਤਿਆਂ ਨੂੰ 2 ਫ਼ੀ ਸਦੀ ਵਿਆਜ ਸਹਾਇਤਾ ਦੇਣ ਨੂੰ ਪ੍ਰਵਾਨਗੀ ਦਿਤੀ।

ਬਾਲ ਸ਼੍ਰੇਣੀ ਅਧੀਨ ਲਾਭਪਾਤਰੀਆਂ ਨੂੰ 50,000 ਰੁਪਏ ਤਕ ਕਰਜ਼ ਬਿਨਾ ਕਿਸੀ ਗਰੰਟੀ ਦੇ ਦਿਤਾ ਜਾਂਦਾ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਪੀਐਮਐਮਵਾਈ ਤਹਿਤ ਬਾਲ ਕਰਜ਼ ਸ਼੍ਰੇਣੀ ਦੇ ਕਰਜ਼ਦਾਤਿਆਂ ਨੂੰ ਦੋ ਫ਼ੀ ਸਦੀ ਵਿਆਜ ਸਹਾਇਤਾ ਦੇਣ ਨੂੰ ਮਨਜ਼ੂਰੀ ਦਿਤੀ ਹੈ। (ਪੀ.ਟੀ.ਆਈ)