ਦਿੱਲੀ ’ਚ ਮੌਨਸੂਨ ਦੇ ਬੱਦਲਾਂ ਨੇ ਬੂਹਾ ਖੜਕਾਇਆ, ਕਈ ਇਲਾਕਿਆਂ ਵਿਚ ਮੂਸਲਾਧਾਰ ਮੀਂਹ ਪਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਰਾਜਧਾਨੀ ਵਿਚ ਮੌਨਸੂਨ ਦੇ ਬੱਦਲਾਂ ਦੇ ਦਸਤਕ ਦੇ ਦਿਤੀ ਤੇ ਕਈ ਇਲਾਕਿਆਂ ਵਿਚ ਮੂਸਲਾਧਾਰ ਮੀਂਹ ਪਿਆ।

File Photo

ਨਵੀਂ ਦਿੱਲੀ, 24 ਜੂਨ : ਰਾਸ਼ਟਰੀ ਰਾਜਧਾਨੀ ਵਿਚ ਮੌਨਸੂਨ ਦੇ ਬੱਦਲਾਂ ਦੇ ਦਸਤਕ ਦੇ ਦਿਤੀ ਤੇ ਕਈ ਇਲਾਕਿਆਂ ਵਿਚ ਮੂਸਲਾਧਾਰ ਮੀਂਹ ਪਿਆ। ਸ਼ਹਿਰ ਦੇ ਕਈ ਇਲਾਕਿਆਂ ਅਤੇ ਪ੍ਰਮੁਖ ਚੌਰਸਤਿਆਂ ’ਤੇ ਪਾਣੀ ਭਰਨ ਨਾਲ ਆਵਾਜ਼ਾਈ ’ਚ ਰੁਕਾਵਟ ਆਈ। ਭਾਰਤ ਮੌਸਮ ਵਿਗਿਆਨ ਦੇ ਮਹਾਂਨਿਰਦੇਸ਼ਕ ਮ੍ਰਿਤਯੁਨਜੇ ਮਹਾਂਪਾਤਰਾ ਨੇ ਕਿਹਾ,‘‘ਮੌਨਸੂਨ ਦੇ ਬੱਦਲਾਂ ਨੇ ਦਿੱਲੀ ਵਿਚ ਦਸਤਕ ਦੇ ਦਿਤੀ ਹੈ। ਕਈ ਥਾਵਾਂ ’ਤੇ ਬਾਰਸ਼ ਹੋਈ ਹੈ। ਅਗਾਉ ਅਨਦਾਜ਼ੇ ਅਨੁਸਾਰ ਵੀਰਵਾਰ ਨੂੰ ਮੌਨਸੂਨ ਦੇ ਪਹੁੰਚਣ ਦਾ ਐਲਾਨ ਕੀਤਾ ਜਾਵੇਗਾ।’’ 

ਭਾਰਤ ਮੌਸਮ ਵਿਭਾਗ (ਆਈ.ਐਮ.ਡੀ) ਦੇ ਖੇਤਰੀ ਅਗਾਉ ਅੰਦਾਜ਼ਾ ਕੇਂਦਰ ਦੇ ਪ੍ਰਮੁਖ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਮੌਨਸੂਨ ਦੇ ਬਦਲਾਂ ਕਾਰਨ ਹੀ ਸ਼ਹਿਰ ਦੇ ਕਈ ਹਿਸਿਆਂ ਵਿਚ ਮੀਂਹ ਪਿਆ। ਸ਼੍ਰੀਵਾਸਤਵ ਨੇ ਕਿਹਾ ਕਿ ਮੌਨਸੂਨ ਦੇ ਪਹੁੰਚਣ ਦਾ ਐਲਾਨ ਕਰਨ ਲਈ ਸਾਰੇ ਮੌਸਮ ਕੇਂਦਰਾਂ ਤੋਂ ਪਿਛਲੇ 24 ਘੰਟੇ ਦਾ (ਸਵੇਰੇ ਅੱਠ ਵਜੇ ਤਕ) ਮੀਂਹ ਦਾ ਅੰਕੜਾ ਚਾਹੀਦਾ ਹੋਵੇਗਾ। ਆਮ ਤੌਰ ’ਤੇ ਦਿੱਲੀ ਵਿਚ ਮੌਨਸੂਨ 27 ਜੂਨ ਨੂੰ ਪਹੁੰਚਦਾ ਹੈ। ਮੌਸਮ ਵਿਭਾਗ ਨੇ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਗਿਆਨੀਆਂ ਅਨੁਸਾਰ ਅਗਲੇ ਤਿੰਨ ਦਿਨਾਂ ਵਿਚ ਮੀਂਹ ਦੇ ਨਾਲ ਤਾਪਮਾਨ ਦੇ 36 ਡਿਗਰੀ ਸੈਲਸੀਅਮ ਦੇ ਨੇੜੇ ਤੇੜੇ ਰਹਿਣ ਦੀ ਸੰਭਾਵਨਾ ਹੈ।  (ਪੀਟੀਆਈ)