ਹੇਟੇਰੋ ਕੋਵਿਡ-19 ਦੀ ਜੈਨਰਿਕ ਦਵਾਈ ਦੀ ਪੂਰਤੀ ਨੂੰ ਤਿਆਰ, ਕੀਮਤ 5400 ਰੁਪਏ ਪ੍ਰਤੀ ਸ਼ੀਸ਼ੀ
ਹੇਟੇਰੋ ਹੈਲਥਕੇਅਰ ਕੋਵਿਡ-19 ਦੇ ਇਲਾਜ ਲਈ ਅਪਣੀ ਵਾਇਰਲ ਰੋਧੀ ਦਵਾਈ ਕੋਵਿਫੋਰ (ਰੇਮਡੇਸਿਵੀਰ) ਦੀਆਂ 20,000 ਸ਼ੀਸ਼ੀਆਂ ਦੀ ਦੇਸ਼ਭਰ ਵਿਚ ਪੂਰਤੀ ਕਰੇਗੀ
ਨਵੀਂ ਦਿੱਲੀ, 24 ਜੂਨ : ਹੇਟੇਰੋ ਹੈਲਥਕੇਅਰ ਕੋਵਿਡ-19 ਦੇ ਇਲਾਜ ਲਈ ਅਪਣੀ ਵਾਇਰਲ ਰੋਧੀ ਦਵਾਈ ਕੋਵਿਫੋਰ (ਰੇਮਡੇਸਿਵੀਰ) ਦੀਆਂ 20,000 ਸ਼ੀਸ਼ੀਆਂ ਦੀ ਦੇਸ਼ਭਰ ਵਿਚ ਪੂਰਤੀ ਕਰੇਗੀ। ਇਸ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਚੂਨ ਮੁੱਲ 5400 ਰੁਪਏ ਪ੍ਰਤੀ ਸ਼ੀਸ਼ੀ ਹੋਵੇਗਾ। ਹੇਟੇਰੋ ਹੈਲਥਕੇਅਰ ਨੇ ਬੁਧਵਾਰ ਨੂੰ ਬਿਆਨ ਵਿਚ ਕਿਹਾ ਕਿ ਕੰਪਨੀ 20,000 ਦੇ ਸੈੱਟ ਵਿਚ 10,000 ਸ਼ੀਸ਼ੀਆਂ ਦੀ ਪੂਰਤੀ ਹੈਦਰਾਬਾਦ, ਦਿੱਲੀ, ਗੁਜਰਾਤ, ਤਾਮਿਨਾਡੂ, ਮੁੰਬਈ ਅਤੇ ਮਹਾਂਰਾਸ਼ਟਰ ਦੇ ਹੋਰ ਹਿਸਿਆਂ ਵਿਚ ਕਰੇਗੀ। ਬਾਕੀ 10,000 ਸ਼ੀਸ਼ੀਆਂ ਦੀ ਪੂਰਤੀ ਕੋਲਕਾਤਾ, ਇੰਦੌਰ, ਭੋਪਾਲ, ਲਖ਼ਨਊ, ਪਟਨਾ, ਭੁਵਨੇਸ਼ਵਰ, ਰਾਂਚੀ, ਵਿਚੇਵਾੜਾ, ਕੋਚਿਨ, ਤ੍ਰਿਵੇਂਦਰਮ ਅਤੇ ਗੋਆ ਵਿਚ ਇਕ ਹਫ਼ਤੇ ਵਿਚ ਕੀਤੀ ਜਾਵੇਗੀ।
ਕੰਪਨੀ ਨੇ ਕਿਹਾ ਕਿ ਉਸ ਨੇ ਇਸ ਦਵਾਈ ਦਾ ਵੱਧੋ ਵੱਧ ਪ੍ਰਚੂਨ ਮੁੱਲ 5400 ਰੁਪਏ ਪ੍ਰਤੀ ਸ਼ੀਸ਼ੀ ਤੈਅ ਕੀਤਾ ਹੈ। ਇਸ ਤੋਂ ਪਹਿਲਾਂ ਇਕ ਹੋਰ ਫਾਰਮਾ ਕੰਪਨੀ ਸਿਪਲਾ ਨੇ ਮੰਗਲਵਾਰ ਨੂੰ ਕਿਹਾਸ ਸੀ ਕਿ ਉਹ ਰੇਮਡੇਸਿਵੀਰ ਦੇ ਜੈਨਰਿਕ ਐਡੀਸ਼ਨ ਦੀ ਕੀਮਤ 5000 ਰੁਪਏ ਪ੍ਰਤੀ ਸ਼ੀਸ਼ੀ ਤੋਂ ਘੱਟ ਰਖੇਗੀ। ਕੰਪਨੀ ਨੇ ਕਿਹਾ ਹੈ ਕਿ ਉਸ ਦੀ ਇਹ ਦਵਾਈ ਅੱਠ ਤੋਂ ਦਸ ਦਿਨ ਵਿਚ ਉਪਲਭਦ ਹੋਵੇਗੀ। ਹਟੇਰੋ ਹੈਲਥਕੇਅਰ ਦੇ ਪ੍ਰਬੰਧ ਨਿਰਦੇਸ਼ਕ ਐਮ ਸ਼ੀਨਿਵਾਸਨ ਰੇਡੀ ਨੇ ਕਿਹਾ,‘‘ਕੋਵਿਫੋਰ ਰਾਹੀਂ ਅਸੀਂ ਹਸਪਤਾਲ ਵਿਚ ਮਰੀਜ਼ ਦੇ ਇਲਾਜ ਦੇ ਸਮੇਂ ਨੂੰ ਘੱਟ ਕਰ ਸਕਾਂਗੇ, ਜਿਸ ਨਾਲ ਚਿਕਿਤਸਾ ਢਾਂਚੇ ’ਤੇ ਦਬਾਅ ਘੱਟ ਹੋ ਸਕੇਗਾ।’’ (ਪੀਟੀਆਈ)