ਆਰਟੀਕਲ 370 ਫਿਰ ਤੋਂ ਲਾਗੂ ਕੀਤੇ ਬਿਨਾਂ ਕਸ਼ਮੀਰੀਆਂ ਦੀ ਤਸੱਲੀ ਨਹੀਂ ਹੋਵੇਗੀ : ਮੁਫ਼ਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਵਿਚ ਮੌਜੂਦਾ ਸਮੇਂ ਵਿਚ ਵਿਸ਼ਵਾਸ ਬਹਾਲੀ ਦੀ ਲੋੜ : ਫ਼ਾਰੁਕ ਅਬਦੁੱਲਾ, PM ਨਾਲ ਬੈਠਕ ’ਚ ਸਾਰੇ ਲੀਡਰਾਂ ਨੇ J&K ਦਾ ਪੁਰਾਣਾ ਦਰਜਾ ਬਹਾਲ ਕਰਨ ਦੀ ਮੰਗ ਚੁੱਕੀ

Mehbooba Mufti

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਵਿਚ ਭਵਿਖ ਦੀ ਰਣਨੀਤੀ ਦਾ ਖ਼ਾਕਾ ਤਿਆਰ ਕਰਨ ਲਈ ਵੀਰਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ 14 ਆਗੂਆਂ ਨਾਲ ਇਕ ਅਹਿਮ ਬੈਠਕ ਕੀਤੀ। ਪੀਪਲਜ਼ ਕਾਨਫ਼ਰੰਸ ਦੇ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮੁਜ਼ਫ਼ਰ ਹੁਸੈਨ ਬੇਗ ਨੇ ਕਿਹਾ ਕਿ ਬੈਠਕ ਦੌਰਾਨ ਤਕਰੀਬਨ ਸੱਭ ਨੇ ਜੰਮੂ ਕਸ਼ਮੀਰ ਦਾ ਪੂਰੇ ਰਾਜ ਵਾਲਾ ਦਰਜਾ ਮੁੜ ਬਹਾਲ ਕਰਨ ਦੀ ਮੰਗ ਰੱਖੀ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਵਿਚ ਹੱਦਬੰਦੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਾਟੀ ਵਿਚ ਵਿਧਾਨ ਸਭਾ ਚੋਣਾਂ ਕਰਾਉਣ ਬਾਰੇ ਕੋਈ ਸਮਾਂ ਹੱਦ ਨਹੀਂ ਦੱਸੀ ਗਈ। ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੁਕ ਅਬਦੁੱਲਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਮੌਜੂਦਾ ਸਮੇਂ ਵਿਚ ਵਿਸ਼ਵਾਸ ਬਹਾਲੀ ਦੀ ਲੋੜ ਹੈ ਤੇ ਜੰਮੂ ਕਸ਼ਮੀਰ ਦੇ ਪੂਰਨ ਸੂਬੇ ਦਾ ਦਰਜਾ ਮੁੜ ਬਹਾਲ ਕਰਨਾ ਨਵੀਂ ਦਿੱਲੀ ਵਲੋਂ ਭਰੋਸਾ ਕਾਇਮ ਕਰਨ ਦਾ ਪਹਿਲਾ ਕਦਮ ਹੋਵੇਗਾ।

ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸੰਸਦ ਵਿਚ ਕੀਤੇ ਵਾਅਦੇ ਮੁਤਾਬਕ ਪੂਰਨ ਸੂਬੇ ਦਾ ਦਰਜਾ ਬਹਾਲ ਕਰਨ ਲਈ ਹੱਦਬੰਦੀ ਦਾ ਕੰਮ ਤੇ ਸ਼ਾਂਤੀਪੂਰਨ ਚੋਣਾਂ ਮਹੱਤਵਪੂਰਨ ਕਦਮ ਹੋਵੇਗਾ।  ਬੈਠਕ ਖ਼ਤਮ ਹੋਣ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਜਪਾ ਆਗੂ ਨਵਿੰਦਰ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੇ ਸਿਆਸੀ ਦਲਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਪੂਰਨ ਸੂਬੇ ਦਾ ਦਰਜਾ ਬਹਾਲ ਕਰਨ ਅਤੇ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।

ਪੀਡੀਪੀ ਦੀ ਆਗੂ ਨੇ ਕਿਹਾ ਕਿ ਆਰਟੀਕਲ 370 ਪੂਰੀ ਤਰ੍ਹਾਂ ਗ਼ੈਰ-ਸੰਵਿਧਾਨਕ, ਗ਼ੈਰ ਕਾਨੂੰਨੀ ਅਤੇ ਤਾਕਤ ਦੀ ਗ਼ਲਤ ਵਰਤੋਂ ਕਰ ਕੇ ਖ਼ਤਮ ਕੀਤਾ ਗਿਆ ਤੇ ਉਸ ਨੂੰ ਬਹਾਲ ਕੀਤੇ ਬਿਨਾਂ, ਕਸ਼ਮੀਰੀਆਂ ਨੂੰ ਸ਼ਾਂਤ ਨਹੀਂ ਕੀਤਾ ਜਾ ਸਕਦਾ। ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਗ਼ੁਲਾਮ ਨਬੀ ਆਜ਼ਾਦ ਨੇ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ 5 ਅਗੱਸਤ ਨੂੰ ਧਾਰਾ 370 ਰੱਦ ਕਰਨ ਦੌਰਾਨ ਕੇਂਦਰ ਨੇ ਭਰੋਸਾ ਦਿਵਾਇਆ ਸੀ ਕਿ ਢੁਕਵਾਂ ਸਮਾਂ ਆਉਣ ’ਤੇ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਬਹਾਲ ਕਰ ਦਿਤਾ ਜਾਵੇਗਾ।

ਉਨ੍ਹਾਂ ਕਿਹਾ,‘‘ਅਸੀਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਪੂਰਨ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇ। ਹਾਲੇ ਸ਼ਾਂਤੀ ਵੀ ਹੈ ਅਤੇ ਚੋਣਾਂ ਕਰਵਾਉਣ ਦਾ ਇਸ ਤੋਂ ਚੰਗਾ ਸਮਾਂ ਨਹੀਂ ਹੋ ਸਕਦਾ।’’ ਆਜ਼ਾਦ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਬਹਾਲ ਕਰਨ ਅਤੇ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਪਰ ਉਸ ਤੋਂ ਪਹਿਲਾਂ ਹੱਦਬੰਦੀ ਕਮਿਸ਼ਨ ਦਾ ਕੰਮ ਖ਼ਤਮ ਕਰਨਾ ਜ਼ਰੁੂਰੀ ਹਨ। ਹੱਦਬੰਦੀ ਦੀ ਕਵਾਇਦ ਤੋਂ ਬਾਅਦ ਜੰਮੂ ਕਸ਼ਮੀਰ ਵਿਚ ਵਿਧਾਨਸਭਾ ਸੀਟਾਂ ਦੀ ਗਿਣਤੀ 83 ਤੋਂ ਵੱਧ ਕੇ 90 ਹੋ ਜਾਵੇਗੀ।

ਰਾਜਧਾਨੀ ਦੇ 7, ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਦੇ ਅਧਿਕਾਰਤ ਘਰ ਵਿਚ ਹੋਈ ਇਸ ਬੈਠਕ ਵਿਚ ਸਾਬਕਾ ਸੂਬਾ ਜੰਮੂ ਕਸ਼ਮੀਰ ਦੇ ਚਾਰ ਸਾਬਕਾ ਮੁੱਖ ਮੰਤਰੀ ਅਤੇ ਚਾਰ ਸਾਬਕਾ ਉਪ ਮੁੱਖ ਮੰਤਰੀ ਸ਼ਾਮਲ ਸਨ। ਇਨ੍ਹਾਂ ਆਗੂਆਂ ਵਿਚ ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਫ਼ਾਰੁਕ ਅਬਦੁੱਲਾ, ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ, ਪੀਡੀਪੀ ਆਗੂ ਮਹਿਬੂਬਾ ਮੁਫ਼ਤੀ

 ਸਾਬਕਾ ਕੇਂਦਰੀ ਮੰਤਰੀ ਗ਼ੁਲਾਮ ਨਬੀ ਆਜ਼ਾਦ, ਕਾਂਗਰਸ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ, ਪ੍ਰਦੇਸ਼ ਕਾਂਗਰਸ ਪ੍ਰਧਾਨ ਗ਼ੁਲਾਮ ਅਹਿਮਦ ਮੀਰ ਪ੍ਰਮੁਖ ਹਨ। ਇਸ ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ, ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜਮੰਤਰੀ ਜਤਿੰਦਰ ਸਿੰਘ, ਪ੍ਰਧਾਨ ਮੰਤਰੀ ਦੇ ਪ੍ਰਮੁਖ ਸਕੱਤਰ ਪੀ ਕੇ ਮਿਸ਼ਰਾ, ਗ੍ਰਹਿ ਸਕੱਤਰ ਅਜੇ ਭੱਲਾ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਮੌਜੂਦ ਸਨ।

ਮਹਿਬੂਬਾ ਮੁਫ਼ਤੀ ਨੇ ਫਿਰ ਕਿਹਾ, ਪਾਕਿਸਤਾਨ ਨਾਲ ਵੀ ਗੱਲ ਕਰੋ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਤੋਂ ਬਾਅਦ ਪੀਡੀਪੀ ਪ੍ਰਮੁਖ ਮਹਿਬੂਬਾ ਮੁਫ਼ਤੀ ਨੇ ਫਿਰ ਧਾਰਾ 370 ਦਾ ਮੁੱਦਾ ਚੁਕਿਆ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਦੁਆਰਾ ਗ਼ੈਰ-ਕਾਨੂੰਨੀ ਤਰੀਕੇ ਨਾਲ 370 ਹਟਾਇਆ ਗਿਆ ਸੀ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿਤਾ ਹੈ ਕਿ ਸਰਕਾਰ ਨੂੰ ਪਾਕਿਸਤਾਨ ਨਾਲ ਗੱਲ ਕਰਨੀ ਚਾਹੀਦੀ ਹੈ। ਉਨਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਨਾਲ ਜਦੋਂ ਗੱਲਬਾਤ ਹੁੰਦੀ ਹੈ, ਤਾਂ ਕਸ਼ਮੀਰੀਆਂ ਨੂੰ ਵੀ ਸ਼ਾਂਤੀ ਮਿਲਦਾ ਹੈ। ਮਹਿਬੂਬਾ ਦਾ ਜੋ ਸਟੈਂਡ ਮੀਟਿੰਗ ਤੋਂ ਪਹਿਲਾਂ ਰਿਹਾ, ਉਨ੍ਹਾਂ ਨੇ ਉਹੀ ਸਟੈਂਡ ਮੀਟਿੰਗ ਤੋਂ ਬਾਅਦ ਵੀ ਕਾਇਮ ਰਖਿਆ।

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਗੈਰ-ਕਾਨੂੰਨੀ ਤਰੀਕੇ ਨਾਲ 370 ਹਟਾਇਆ ਹੈ। ਉਸ ਸਮੇਂ ਕਿਸੇ ਵੀ ਨੁਮਾਇੰਦੇ ਨਾਲ ਗੱਲ ਨਹੀਂ ਕੀਤੀ ਗਈ, ਸਿਰਫ਼ ਇਕ ਹੀ ਝਟਕੇ ਵਿਚ ਜੰਮੂ-ਕਸ਼ਮੀਰ ਤੋਂ ਉਸ ਦੀ ਤਾਕਤ ਖੌਹ ਲਈ ਗਈ। ਮਹਿਬੂਬਾ ਨੇ ਕਿਹਾ ਕਿ ਮੀਟਿੰਗ ਚੰਗੇ ਮਾਹੌਲ ਵਿਚ ਹੋਈ ਅਤੇ ਸਾਰਿਆਂ ਦੀ ਗੱਲ ਵੀ ਸੁਣੀ ਗਈ। ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਨਾਲ ਗੱਲ ਕਰ ਕੇ ਜੰਗਬੰਦੀ ਹੋ ਸਕਦੀ ਹੈ ਤਾਂ ਦੂਜੇ ਮੁੱਦਿਆਂ ’ਤੇ ਗੱਲਬਾਤ ਕਿਉਂ ਨਹੀਂ ਹੋ ਸਕਦੀ?   (ਪੀਟੀਆਈ)