ਗੁਹਾਟੀ: ਗੁਹਾਈ ਹਾਈ ਕੋਰਟ ਨੇ ਐਤਵਾਰ ਨੂੰ ਅਸਮ ਕੁਸ਼ਤੀ ਐਸੋਸੀਏਸ਼ਨ ਦੀ ਅਪੀਲ ’ਤੇ ਭਾਰਤੀ ਕੁਸ਼ਤੀ ਫ਼ੈਡਰੇਸ਼ਨ (ਡਬਲਿਊ.ਐਫ਼.ਆਈ.) ਦੀਆਂ 11 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ’ਤੇ ਰੋਕ ਲਾ ਦਿਤੀ ਗਈ ਹੈ।
ਅਸਮ ਕੁਸ਼ਤੀ ਐਸੋਸੀਏਸ਼ਨ ਨੇ ਡਬਲਿਊ.ਐਫ਼.ਆਈ., ਭਾਰਤੀ ਓਲੰਪਿਕ ਫ਼ੈਡਰੇਸ਼ਨ (ਆਈ.ਓ.ਏ.) ਦੀ ਐਡ-ਹਾਕ ਕਮੇਟੀ ਅਤੇ ਖੇਡ ਮੰਤਰਾਲੇ ਵਿਰੁਧ ਦਾਇਰ ਅਪੀਲ ’ਚ ਕਿਹਾ ਕਿ ਉਹ ਡਬਲਿਊ.ਐਫ਼.ਆਈ. ਦੇ ਮੈਂਬਰ ਵਜੋਂ ਮਾਨਤਾ ਦੇ ਹੱਕਦਾਰ ਹਨ ਪਰ ਉੱਤਰ ਪ੍ਰਦੇਸ਼ ਦੇ ਗੋਂਡਾ ’ਚ 15 ਨਵੰਬਰ, 2014 ਨੂੰ ਡਬਲਿਊ.ਐਫ਼.ਆਈ. ਦੀ ਆਮ ਕੌਂਸਲ ਨੂੰ ਤਤਕਾਲੀ ਕਾਰਜਕਾਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਬਾਵਜੂਦ ਅਜਿਹਾ ਨਹੀਂ ਕੀਤਾ ਗਿਆ। ਐਡ-ਹਾਕ ਕਮੇਟੀ ਨੇ ਵੋਟਰ ਸੂਚੀ ਲਈ ਨਾਮ ਭੇਜਣ ਦੀ ਆਖ਼ਰੀ ਮਿਤੀ 25 ਜੂਨ ਤੈਅ ਕੀਤੀ ਹੈ, ਜਦਕਿ ਨਵੀਂ ਸੰਚਾਲਨ ਸੰਸਥਾ ਦੀ ਚੋਣ ਲਈ ਚੋਣਾਂ 11 ਜੁਲਾਈ ਨੂੰ ਹੋਣੀਆਂ ਹਨ।
ਅਪੀਲਕਰਤਾ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦੀ ਸੰਸਥਾ ਨੂੰ ਡਬਲਿਊ.ਐਫ਼.ਆਈ. ਤੋਂ ਮਾਨਤਾ ਨਹੀਂ ਮਿਲਦੀ ਅਤੇ ਉਹ ਵੋਟਰ ਸੂਚੀ ਲਈ ਅਪਣੇ ਪ੍ਰਤੀਨਿਧੀ ਨੂੰ ਨਾਮਜ਼ਦ ਨਹੀਂ ਕਰ ਸਕਦੇ ਉਦੋਂ ਤਕ ਚੋਣ ਪ੍ਰਕਿਰਿਆ ਰੋਕੀ ਜਾਣੀ ਚਾਹੀਦੀ ਹੈ।
ਅਦਾਲਤ ਨੇ ਮੁਦਾਲਾ ਧਿਰ ਡਬਲਿਊ.ਐਫ਼.ਆਈ. ਦੀ ਐਡ-ਹਾਕ ਕਮੇਟੀ ਅਤੇ ਖੇਡ ਮੰਤਰਾਲੇ ਨੂੰ ਹੁਕਮ ਦਿਤਾ ਕਿ ਸੁਣਵਾਈ ਦੀ ਅਗਲੀ ਮਿਤੀ ਤਕ ਉਹ ਡਬਲਿਊ.ਐਫ਼.ਆਈ. ਦੀ ਕਾਰਜਕਾਰੀ ਕਮੇਟੀ ਦੀ ਚੋਣ ਪ੍ਰਕਿਰਿਆ ’ਤੇ ਅੱਗੇ ਨਹੀਂ ਵਧਣਗੇ।
ਸੁਣਵਾਈ ਦੀ ਅਗਲੀ ਮਿਤੀ 17 ਜੁਲਾਈ ਤੈਅ ਕੀਤੀ ਗਈ ਹੈ।