'ਤੁਸੀਂ ਭਾਰਤ ਦੇ ਹੀਰੋ ਹੋ', ਭਾਰਤੀ ਭਾਈਚਾਰੇ ਨੇ ਪੀਐਮ ਮੋਦੀ ਦੀ ਮਿਸਰ ਯਾਤਰਾ ਦੌਰਾਨ ਕੀਤੀ ਤਾਰੀਫ਼
ਅਮਰੀਕੀ ਕਾਂਗਰਸ ਵਿਚ ਪ੍ਰਧਾਨ ਮੰਤਰੀ ਦੇ ਸੰਬੋਧਨ ਦੀ ਜ਼ਿਆਦਾਤਰ ਲੋਕਾਂ ਨੇ ਸ਼ਲਾਘਾ ਕੀਤੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਕਿ ਆਪਣੇ ਅਮਰੀਕਾ ਦੌਰੇ ਦੀ ਸਮਾਪਤੀ ਤੋਂ ਬਾਅਦ ਸ਼ਨੀਵਾਰ ਨੂੰ ਮਿਸਰ ਦੇ ਦੋ ਦਿਨਾਂ ਦੌਰੇ 'ਤੇ ਕਾਹਿਰਾ ਪਹੁੰਚੇ, ਇਸ ਦੌਰਾਨ ਉੱਥੋਂ ਦੇ ਭਾਰਤੀ ਭਾਈਚਾਰੇ ਨੇ ਉਹਨਾਂ ਦੀ ਰੱਜ ਕੇ ਤਾਰੀਫ਼ ਕੀਤੀ ਤੇ ਪੀਐੱਮ ਮੋਦੀ ਨੂੰ ਕਿਹਾ ਕਿ ਤੁਸੀਂ "ਭਾਰਤ ਦੇ ਹੀਰੋ" ਹੋ। ਪ੍ਰਧਾਨ ਮੰਤਰੀ ਦਾ ਰਿਟਜ਼ ਕੋਰਲਟਨ ਹੋਟਲ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇੱਥੇ ਉਨ੍ਹਾਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਕਈ ਗਰੁੱਪਾਂ ਵਿਚ ਗੱਲਬਾਤ ਕੀਤੀ। ਅਮਰੀਕੀ ਕਾਂਗਰਸ ਵਿਚ ਪ੍ਰਧਾਨ ਮੰਤਰੀ ਦੇ ਸੰਬੋਧਨ ਦੀ ਜ਼ਿਆਦਾਤਰ ਲੋਕਾਂ ਨੇ ਸ਼ਲਾਘਾ ਕੀਤੀ।
ਭਾਰਤੀ ਭਾਈਚਾਰੇ ਦੇ ਇਕ ਵਿਅਕਤੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ, ''ਤੁਸੀਂ ਭਾਰਤ ਦੇ ਹੀਰੋ ਹੋ।'' ਇਸ 'ਤੇ ਮੋਦੀ ਨੇ ਕਿਹਾ ਕਿ ਦੇਸ਼ ਦੀ ਸਫ਼ਲਤਾ 'ਚ ਵਿਦੇਸ਼ਾਂ 'ਚ ਰਹਿੰਦੇ ਭਾਰਤੀਆਂ ਸਮੇਤ ਸਾਰੇ ਭਾਰਤੀਆਂ ਦੇ ਯਤਨਾਂ ਦਾ ਯੋਗਦਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਪੂਰਾ ਭਾਰਤ ਹਰ ਕਿਸੇ ਦਾ ਨਾਇਕ ਹੈ। ਦੇਸ਼ ਦੇ ਲੋਕ ਮਿਹਨਤ ਕਰਨ ਤਾਂ ਦੇਸ਼ ਤਰੱਕੀ ਕਰਦਾ ਹੈ।
ਪ੍ਰਧਾਨ ਮੰਤਰੀ ਮੋਦੀ ਮਿਸਰ ਦੇ ਰਾਸ਼ਟਰਪਤੀ ਅਲ-ਸੀਸੀ ਦੇ ਸੱਦੇ 'ਤੇ ਮਿਸਰ ਦਾ ਦੌਰਾ ਕਰ ਰਹੇ ਹਨ। ਦੱਸ ਦੇਈਏ ਕਿ 26 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਮਿਸਰ ਦੀ ਇਹ ਪਹਿਲੀ ਦੁਵੱਲੀ ਯਾਤਰਾ ਹੈ। ਇਸ ਦੌਰਾਨ ਮੋਦੀ ਨੇ ਮਿਸਰ ਦੇ ਗ੍ਰੈਂਡ ਮੁਫ਼ਤੀ ਡਾ. ਸ਼ੌਕੀ ਇਬਰਾਹਿਮ ਅਬਦੇਲ-ਕਰੀਮ ਆਲਮ ਨਾਲ ਮੁਲਾਕਾਤ ਕੀਤੀ ਅਤੇ ਸਮਾਜਿਕ ਸਦਭਾਵਨਾ ਨੂੰ ਵਧਾਉਣ ਅਤੇ ਕੱਟੜਪੰਥ ਨਾਲ ਨਜਿੱਠਣ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕੀਤੀ। ਪੀਐਮ ਮੋਦੀ ਨੇ ਗ੍ਰੈਂਡ ਮੁਫ਼ਤੀ ਨੂੰ ਦੱਸਿਆ ਕਿ ਭਾਰਤ ਮਿਸਰ ਦੇ ਸਮਾਜਿਕ ਨਿਆਂ ਮੰਤਰਾਲੇ ਦੇ ਅਧੀਨ ਦਾਰ-ਅਲ-ਇਫਤਾ ਵਿਚ ਇੱਕ 'ਸੈਂਟਰ ਆਫ਼ ਐਕਸੀਲੈਂਸ' ਖੋਲ੍ਹੇਗਾ।