ਸੀਤਾਰਮਨ 23 ਜਾਂ 24 ਜੁਲਾਈ ਨੂੰ ਪੇਸ਼ ਕਰਨਗੇ ਭਾਰਤ ਦਾ ਬਜਟ
ਮਾਨਸੂਨ ਸੈਸ਼ਨ ਸ਼ੁਰੂ ਹੋਵੇਗਾ 22 ਜੁਲਾਈ ਤੋਂ
UNION BUDGET 2024-25 ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੁਣ ਦੇਸ਼ ਦਾ ਸਾਲਾਨਾ ਬਜਟ 2024-25 ਪੇਸ਼ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ। ਇਹ ਬਜਟ 23 ਜਾਂ 24 ਜੁਲਾਈ ਨੂੰ ਪੇਸ਼ ਹੋ ਸਕਦਾ ਹੈ ਕਿਉਂਕਿ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ 22 ਜੁਲਾਈ ਨੂੰ ਹੋਣੀ ਤੈਅ ਹੈ ਤੇ ਇਹ ਸੈਸ਼ਨ 9 ਅਗਸਤ ਤਕ ਚੱਲਣਾ ਹੈ। ਉਂਝ ਹਾਲੇ ਅਧਿਕਾਰਤ ਤੌਰ ’ਤੇ ਸਾਲਾਨਾ ਬਜਟ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗਠਜੋੜ (ਐਨਡੀਏ) ਨੇ ਹਾਲੀਆ ਲੋਕ ਸਭਾ ਚੋਣਾਂ ’ਚ ਲਗਾਤਾਰ ਤੀਜੀ ਵਾਰ ਕੇਂਦਰ ’ਚ ਸਰਕਾਰ ਬਣਾਈ ਹੈ ਤੇ ਹੁਣ ਉਸ ਦਾ ਸਾਰਾ ਧਿਆਨ ਕੇਂਦਰੀ ਬਜਟ ’ਤੇ ਹੀ ਟਿਕਿਆ ਹੋਇਆ ਹੈ।
ਇਥੇ ਵਰਨਣਯੋਗ ਹੈ ਕਿ ਬੀਤੀ 22 ਜੂਨ ਨੂੰ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਜੀਐਸਟੀ ਕੌਂਸਲ ਦੀ 53ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ ਤੇ ਕਈ ਵਸਤਾਂ ਅਤੇ ਸੇਵਾਵਾਂ ’ਤੇ ਲੱਗਣ ਵਾਲੇ ਜੀਐਸਟੀ ਨਾਲ ਜੁੜੇ ਵੱਖੋ-ਵੱਖਰੇ ਮਤੇ ਪਾਸ ਕੀਤੇ। ਇਸ ਕੌਂਸਲ ਨੇ ਜੀਐਸਟੀ ਰਿਜੀਮ ਅਧੀਨ ਟੈਕਸ ਦਰ ਨੂੰ ਹੋਰ ਬਿਹਤਰ ਬਣਾਉਣ ਤੇ ਸਰਵਿਸ ’ਚ ਛੋਟ ਨੂੰ ਲੈ ਕੇ ਕਈ ਸੁਝਾਅ ਵੀ ਦਿਤੇ ਹਨ।
ਇਥੇ ਇਹ ਵੀ ਦਸਣਾ ਬਣਦਾ ਹੈ ਕਿ ਨਿਰਮਲਾ ਸੀਤਾਰਮਨ ਨੇ ਬੀਤੀ 12 ਜੂਨ ਨੂੰ ਵਿੱਤ ਤੇ ਕਾਰਪੋਰੇਟ ਮਾਮਲਿਆਂ ਨਾਲ ਜੁੜੇ ਮੰਤਰਾਲੇ ਦਾ ਚਾਰਜ ਸੰਭਾਲਿਆ ਸੀ। ਉਨ੍ਹਾਂ ਤਦ ਇਸ ਗੱਲ ’ਤੇ ਜ਼ੋਰ ਦਿਤਾ ਸੀ ਕਿ ਸਰਕਾਰ ਸਾਰੇ ਨਾਗਰਿਕਾਂ ਲਈ ‘ਜੀਵਨ ਜਿਉਣ ’ਚ ਆਸਾਨੀ’ ਨੂੰ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ ਤੇ ਇਸ ਉਦੇਸ਼ ਦੀ ਪੂਰਤੀ ਲਈ ਜ਼ਰੂਰੀ ਕਦਮ ਚੁਕਦੀ ਰਹੇਗੀ।