ਵਿਧਾਨ ਸਭਾ ਇਜਲਾਸ ਬੁਲਾਉਣ ਲਈ ਕਾਂਗਰਸ ਵਿਧਾਇਕ ਧਰਨੇ 'ਤੇ ਬੈਠੇ
ਵਿਧਾਨ ਸਭਾ ਸੈਸ਼ਨ ਵਿਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ : ਗਹਿਲੋਤ
ਜੈਪੁਰ : ਕਾਂਗਰਸ ਅਤੇ ਉਸ ਦੇ ਸਮਰਥਕ ਵਿਧਾਇਕਾਂ ਦੇ ਰਾਜ ਭਵਨ ਵਿਚ ਧਰਨਾ ਸ਼ੁਰੂ ਕੀਤੇ ਜਾਣ ਵਿਚਾਲੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਜ ਵਿਚ ਉਲਟੀ ਗੰਗਾ ਵਹਿ ਰਹੀ ਹੈ ਜਿਥੇ ਸੱਤਾ ਧਿਰ ਖ਼ੁਦ ਵਿਧਾਨ ਸਭਾ ਦਾ ਇਜਲਾਸ ਬੁਲਾਉਣਾ ਚਾਹੁੰਦੀ ਹੈ ਅਤੇ ਵਿਰੋਧੀ ਧਿਰ ਦੇ ਆਗੂ ਕਹਿ ਰਹੇ ਹਨ ਕਿ ਅਸੀਂ ਤਾਂ ਇਸ ਦੀ ਮੰਗ ਹੀ ਨਹੀਂ ਕਰ ਰਹੇ। ਗਹਿਲੋਤ ਨੇ ਰਾਜਪਾਲ ਨੂੰ ਸੰਵਿਧਾਨਕ ਮੁਖੀ ਦਸਦਿਆਂ ਅਪਣੇ ਵਿਧਾਇਕਾਂ ਨੂੰ ਗਾਂਧੀਵਾਦੀ ਤਰੀਕੇ ਨਾਲ ਪੇਸ਼ ਆਉਣ ਦੀ ਨਸੀਹਤ ਦਿਤੀ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਰਾਜਪਾਲ ਕਲਰਾਜ ਮਿਸ਼ਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਕਾਂਗਰਸ ਸਰਕਾਰ ਦੀ ਤਜਵੀਜ਼ 'ਤੇ ਛੇਤੀ ਹੀ ਫ਼ੈਸਲਾ ਕਰਨਗੇ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਰਾਜਪਾਲ ਨੂੰ ਮਿਲਣ ਗਏ ਸਨ ਅਤੇ ਰਾਜ ਭਵਨ ਵਿਚ ਹੀ ਧਰਨੇ 'ਤੇ ਬੈਠ ਗਏ। ਗਹਿਲੋਤ ਨੇ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ, 'ਸਾਡੀ ਕੈਬਨਿਟ ਨੇ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ।
ਪਹਿਲ ਅਸੀਂ ਕੀਤੀ ਜਿਸ ਦਾ ਵਿਰੋਧੀ ਧਿਰ ਨੂੰ ਵੀ ਸਵਾਗਤ ਕਰਨਾ ਚਾਹੀਦਾ ਹੈ। ਇਹੋ ਰਵਾਇਤ ਰਹੀ ਹੈ ਜਮਹੂਰੀਅਤ ਦੀ। ਇਥੇ ਉਲਟੀ ਗੰਗਾ ਵਹਿ ਰਹੀ ਹੈ, ਅਸੀਂ ਕਹਿ ਰਹੇ ਹਾਂ ਕਿ ਅਸੀਂ ਇਜਲਾਸ ਬੁਲਾਵਾਂਗੇ ਅਤੇ ਅਪਣਾ ਬਹੁਮਤ ਸਿੱਧ ਕਰਾਂਗੇ। ਕੋਰੋਨਾ ਵਾਇਰਸ ਅਤੇ ਬਾਕੀ ਮੁੱਦਿਆਂ 'ਤੇ ਚਰਚਾ ਕਰਾਂਗੇ।' ਮੁੱਖ ਮੰਤਰੀ ਨੇ ਕਿਹਾ, 'ਰਾਜਪਾਲ ਸਾਡੇ ਸੰਵਿਧਾਨਕ ਮੁਖੀ ਹਨ। ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ।
ਮੈਨੂੰ ਇਹ ਕਹਿੰਦਿਆਂ ਝਿਜਕ ਨਹੀਂ ਕਿ ਬਿਨਾਂ ਉਪਰਲੇ ਦਬਾਅ ਉਹ ਇਸ ਫ਼ੈਸਲੇ ਨੂੰ ਰੋਕ ਨਹੀਂ ਸਕਦੇ ਸੀ ਕਿਉਂਕਿ ਰਾਜ ਕੈਬਨਿਟ ਦਾ ਜਿਹੜਾ ਫ਼ੈਸਲਾ ਹੁੰਦਾ ਹੈ, ਰਾਜਪਾਲ ਉਸ ਨਾਲ ਬੱਝੇ ਹੁੰਦੇ ਹਨ।' ਗਹਿਲੋਤ ਨੇ ਕਿਹਾ ਕਿ ਰਾਜਪਾਲ ਦੇ ਕੁੱਝ ਸਵਾਲ ਹਨ ਤਾਂ ਉਹ ਸਕੱਤਰੇਤ ਪੱਧਰ 'ਤੇ ਹੱਲ ਕਰ ਸਕਦੇ ਹਨ। ਉਨ੍ਹਾਂ ਕਿਹਾ, 'ਹਮੇਸ਼ਾ ਵਿਰੋਧੀ ਧਿਰ ਮੰਗ ਕਰਦੀ ਹੈ ਕਿ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਜਾਵੇ। ਇਥੇ ਸੱਤਾ ਧਿਰ ਮੰਗ ਕਰ ਰਹੀ ਹੈ ਕਿ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਜਾਵੇ ਜਿਥੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਵਿਰੋਧੀ ਧਿਰ ਕਹਿ ਰਹੀ ਹੈ ਕਿ ਅਸੀਂ ਅਜਿਹੀ ਮੰਗ ਨਹੀਂ ਕਰ ਰਹੇ। ਇਹ ਕਿਹੋ ਜਿਹੀ ਬੁਝਾਰਤ ਹੈ।