ਆਜ਼ਾਦੀ ਦਿਵਸ ਮੌਕੇ ਭਾਰੀ ਇਕੱਠ ਨਾ ਹੋਵੇ, ਕੋਵਿਡ ਯੋਧਿਆਂ ਦਾ ਸਨਮਾਨ ਕੀਤਾ ਜਾਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

Independence Day

ਨਵੀਂ ਦਿੱਲੀ, 24 ਜੁਲਾਈ : ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਲਾਗ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਆਜ਼ਾਦੀ ਦਿਵਸ ਮੌਕੇ ਸਾਰੇ ਰਾਜਾਂ ਨੂੰ ਭਾਰੀ ਗਿਣਤੀ ਵਿਚ ਲੋਕਾਂ ਨੂੰ ਇਕੱਠੇ ਨਾ ਹੋਣ ਦੇਣ, ਇਕ ਦੂਜੇ ਤੋਂ ਦੂਰ ਰਹਿਣ ਦੇ ਨਿਯਮ ਦੀ ਪਾਲਣਾ ਕਰਨਾ ਅਤੇ ਆਜ਼ਾਦੀ ਦਿਵਸ ਸਮਾਗਮਾਂ ਦਾ ਵੈਬਕਾਸਟ ਯਕੀਨੀ ਕਰਨ ਲਈ ਆਖਿਆ ਹੈ      

ਗ੍ਰਹਿ ਮੰਤਰਾਲੇ ਨੇ ਸਲਾਹ ਪੱਤਰੀ ਜਾਰੀ ਕਰ ਕੇ ਕਿਹਾ ਕਿ ਆਜ਼ਾਦੀ ਦਿਵਸ ਸਮਾਗਮ ਵਿਚ ਡਾਕਟਰਾਂ, ਸਿਹਤ ਅਤੇ ਸਫ਼ਾਈ ਕਾਮਿਆਂ ਜਿਹੇ ਕੋਰੋਨਾ ਯੋਧਿਆਂ ਨੂੰ ਮਹਾਂਮਾਰੀ ਵਿਰੁਧ ਲੜਾਈ ਵਿਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਧਿਆਨ ਵਿਚ ਰਖਦਿਆਂ ਸੱਦਿਆ ਜਾਣਾ ਚਾਹੀਦਾ ਹੈ। ਕਿਹਾ ਗਿਆ ਹੈ ਕਿ ਲਾਗ ਤੋਂ ਉਭਰ ਚੁਕੇ ਲੋਕਾਂ ਨੂੰ ਵੀ ਇਸ ਵਿਚ ਸੱਦਾ ਦਿਤਾ ਜਾਣਾ ਚਾਹੀਦਾ ਹੈ। ਗ੍ਰਹਿ ਮੰਤਰਾਲੇ ਮੁਤਾਬਕ ਸਾਰੇ ਪ੍ਰੋਗਰਾਮ ਇੰਜ ਕਰਵਾਏ ਜਾਣ ਕਿ ਲੋਕਾਂ ਦਾ ਭਾਰੀ ਇਕੱਠ ਨਾ ਹੋਵੇ

ਅਤੇ ਪ੍ਰੋਗਰਾਮ ਲਈ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਹੋਵੇ। ਪ੍ਰੋਗਰਾਮਾਂ ਨੂੰ ਵੈਬਕਾਸਟ ਕੀਤਾ ਜਾਵੇ ਤਾਕਿ ਭਾਰੀ ਗਿਣਤੀ ਵਿਚ ਉਨ੍ਹਾਂ ਲੋਕਾਂ ਤਕ ਇਹ ਪਹੁੰਚੇ ਜੋ ਇਨ੍ਹਾਂ ਵਿਚ ਹਿੱਸਾ ਨਹੀਂ ਲੈ ਸਕਦੇ। ਮੰਤਰਾਲੇ ਨੇ ਕਿਹਾ ਕਿ ਇਹ ਢੁਕਵਾਂ ਹੋਵੇਗਾ ਕਿ ਆਜ਼ਾਦੀ ਦਿਵਸ ਸਮਾਗਮਾਂ ਦੌਰਾਨ ਵੱਖ ਵੱਖ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦੇ ਸੰਦੇਸ਼ਾਂ ਜ਼ਰੀਏ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨੇ 'ਆਤਮਨਿਰਭਰ ਭਾਰਤ' ਵਿਸ਼ੇ ਦਾ ਠੀਕ ਢੰਗ ਨਾਲ ਪ੍ਰਚਾਰ ਕੀਤਾ ਜਾਵੇ।
  ਮੰਤਰਾਲੇ ਨੇ  ਕਿਹਾ ਕਿ ਹਰ ਸਾਲ ਆਜ਼ਾਦੀ ਦਿਵਸ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ।

ਇਸ ਸਾਲ ਵੀ ਆਜ਼ਾਦੀ ਦਿਵਸ ਨੂੰ ਮੌਕੇ ਮੁਤਾਬਕ ਢੁਕਵੇਂ ਲੱਗਣ ਵਾਲੇ ਤਰੀਕੇ ਨਾਲ ਮਨਾਇਆ ਜਾਵੇਗਾ। ਦਿੱਲੀ ਵਿਚ ਲਾਲ ਕਿਲੇ ਵਿਚ ਹੋਣ ਵਾਲੇ ਪ੍ਰੋਗਰਾਮ ਵਿਚ ਦਿੱਲੀ ਪੁਲਿਸ ਅਤੇ ਹਥਿਆਰਬੰਦ ਬਲਾਂ ਦੁਆਰਾ ਪ੍ਰਧਾਨ ਮੰਤਰੀ ਨੂੰ ਸਲਾਮੀ ਗਾਰਦ ਦਿਤੀ ਜਾਵੇਗੀ। ਪ੍ਰਧਾਨ ਮੰਤਰੀ ਦਾ ਭਾਸ਼ਨ ਵੀ ਹੋਵੇਗਾ ਅਤੇ ਆਖ਼ਰ ਵਿਚ ਤਿਰੰਗੇ ਗੁਬਾਰੇ ਆਸਮਾਨ ਵਿਚ ਛੱਡੇ ਜਾਣ।   (ਏਜੰਸੀ)
ਸੂਬਾ ਅਤੇ ਜ਼ਿਲ੍ਹਾ ਪੱਧਰ 'ਤੇ ਸਮਾਗਮ ਕਰਾਉਣ ਲਈ ਰਾਜਾਂ ਨੂੰ ਅਪਣੇ ਪੱਧਰ 'ਤੇ ਫ਼ੈਸਲਾ ਕਰਨ ਲਈ ਆਖਿਆ ਗਿਆ ਹੈ। (ਏਜੰਸੀ)