ਕੋਰੋਨਾ ਖ਼ਿਲਾਫ ਜੰਗ: ਤੈਅ ਹੋਵੇਗੀ ਅਗਲੀ ਰਣਨੀਤੀ, PM Modi ਮੁੱਖ ਮੰਤਰੀਆਂ ਨਾਲ ਕਰਨਗੇ ਗੱਲਬਾਤ
ਦੇਸ਼ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਸਾਰ ਵਧਦਾ ਜਾ ਰਿਹਾ ਹੈ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਸਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਚ ਕੋਰੋਨਾ ਵਾਇਰਸ ਦੀ ਸਥਿਤੀ ‘ਤੇ ਚਰਚਾ ਕਰਨ ਲਈ 27 ਜੁਲਾਈ ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲ਼ਬਾਤ ਕਰਨਗੇ। ਸੂਤਰਾਂ ਅਨੁਸਾਰ ਇਸ ਬੈਠਕ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿਹਤ ਮੰਤਰੀ ਹਰਸ਼ਵਰਧਨ ਵੀ ਮੌਜੂਦ ਰਹਿਣਗੇ।
ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਚੀਫ ਸੈਕਟਰੀ ਅਤੇ ਸਿਹਤ ਸਕੱਤਰ ਵੀ ਮੁੱਖ ਮੰਤਰੀਆਂ ਦੇ ਨਾਲ ਮੌਜੂਦ ਰਹਿਣਗੇ। ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਸੱਤਵੀਂ ਬੈਠਕ ਹੈ। ਇਸ ਬੈਠਕ ਵਿਚ ਅਨਲੌਕ-2 ਦੇ ਅਗਲੇ ਪੜਾਅ ਦੀ ਰਣਨੀਤੀ ‘ਤੇ ਚਰਚਾ ਹੋ ਸਕਦੀ ਹੈ।
27 ਜੁਲਾਈ ਨੂੰ ਹੀ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਦੇ ਜ਼ਰੀਏ ਨੋਇਡਾ, ਕੋਲਕਾਤਾ ਅਤੇ ਮੁੰਬਈ ਵਿਚ ਇੰਡੀਅਨ ਕੌਸਲ ਆਫ ਮੈਡੀਕਲ ਰਿਸਰਚ ਦੇ ਤਿੰਨ ਨਵੇਂ ਲੈਬਸ ਦਾ ਉਦਘਾਟਨ ਕਰਨਗੇ। ਇਹ ਲੈਬਸ ਮੁੰਬਈ, ਕੋਲਕਾਤਾ ਅਤੇ ਨੋਇਡਾ ਵਿਚ ਤਿਆਰ ਕੀਤੀਆਂ ਗਈਆਂ ਹਨ। ਸੀਐਮ ਯੋਗੀ, ਮਮਤਾ ਬੈਨਰਜੀ ਅਤੇ ਉਧਵ ਠਾਕਰੇ ਵੀ ਵਰਚੂਅਲ ਪ੍ਰੋਗਰਾਮ ਵਿਚ ਹਿੱਸਾ ਲੈਣਗੇ।
ਜ਼ਿਕਰਯੋਗ ਹੈ ਕਿ ਦੇਸ਼ ਵਿਚ ਸ਼ੁੱਕਰਵਾਰ ਸ਼ਾਮ ਤੱਕ ਕੋਰੋਨਾ ਵਾਇਰਸ ਦਾ ਅੰਕੜਾ 13 ਲੱਖ ਤੋਂ ਪਾਰ ਹੋ ਗਿਆ। ਮਰਨ ਵਾਲਿਆਂ ਦੀ ਗਿਣਤੀ 30,000 ਤੋਂ ਪਾਰ ਹੋ ਗਈ ਹੈ। ਭਾਰਤ ਨੇ ਇਸ ਮਾਮਲੇ ਵਿਚ ਫਰਾਂਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਭਾਰਤ ਤੀਜੇ ਸਥਾਨ ‘ਤੇ ਹੈ।
ਉੱਥੇ ਹੀ ਕੋਰੋਨਾ ਨਾਲ ਮੌਤਾਂ ਦੇ ਮਾਮਲੇ ਵਿਚ ਭਾਰਤ ਦੁਨੀਆ ਵਿਚ ਛੇਵੇਂ ਨੰਬਰ ‘ਤੇ ਪਹੁੰਚ ਗਿਆ ਹੈ। ਭਾਰਤ ਵਿਚ ਕੋਰੋਨਾ ਦੇ ਮਾਮਲੇ ਕਰੀਬ 3 ਹਫ਼ਤਿਆਂ ਵਿਚ ਦੁੱਗਣੇ ਹੋ ਗਏ ਹਨ। 2 ਜੁਲਾਈ ਨੂੰ ਜਿੱਥੇ ਕੁੱਲ ਮਾਮਲੇ 6 ਲੱਖ ਸੀ, ਉੱਥੇ ਹੀ 24 ਜੁਲਾਈ ਦੀ ਸ਼ਾਮ ਤੱਕ 13 ਲੱਖ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਚੁੱਕੇ ਹਨ।