ਮਹਿੰਗਾਈ ਨੂੰ ਲੈ ਕੇ ਲੋਕ ਸਭਾ ’ਚ ਹੰਗਾਮਾ, ਕਾਂਗਰਸ ਦੇ ਚਾਰ ਮੈਂਬਰ ਪੂਰੇ ਸੈਸ਼ਨ ਲਈ ਮੁਅੱਤਲ
ਮਣਿਕਮ ਟੈਗੋਰ, ਟੀ ਐਨ ਪ੍ਰਤਾਪਨ, ਜੋਤਿਮਣੀ ਅਤੇ ਰਾਮਿਆ ਹਰੀਦਾਸ ਨੂੰ ਸੈਸ਼ਨ ਦੀ ਬਾਕੀ ਮਿਆਦ ਲਈ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਗਿਆ।
ਨਵੀਂ ਦਿੱਲੀ: ਮਹਿੰਗਾਈ ਅਤੇ ਜੀਐਸਟੀ ਦੇ ਮੁੱਦੇ ’ਤੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਸੋਮਵਾਰ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਕਾਂਗਰਸ ਦੇ ਚਾਰ ਮੈਂਬਰਾਂ- ਮਣਿਕਮ ਟੈਗੋਰ, ਟੀ ਐਨ ਪ੍ਰਤਾਪਨ, ਜੋਤਿਮਣੀ ਅਤੇ ਰਾਮਿਆ ਹਰੀਦਾਸ ਨੂੰ ਸਦਨ ਵਿਚ ਤਖ਼ਤੀਆਂ ਦਿਖਾਉਣ ਅਤੇ ਉਲੰਘਣਾ ਕਰਨ ਲਈ ਮੌਜੂਦਾ ਸੈਸ਼ਨ ਦੀ ਬਾਕੀ ਮਿਆਦ ਲਈ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਗਿਆ। ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਜਦੋਂ ਬਾਅਦ ਦੁਪਹਿਰ 3 ਵਜੇ ਬੈਠਕ ਮੁੜ ਸ਼ੁਰੂ ਹੋਈ ਤਾਂ ਪ੍ਰਧਾਨਗੀ ਮੰਡਲ ਦੇ ਚੇਅਰਮੈਨ ਰਾਜਿੰਦਰ ਅਗਰਵਾਲ ਨੇ ਜ਼ਰੂਰੀ ਕਾਗਜ਼ਾਤ ਪੇਸ਼ ਕੀਤੇ।
Lok Sabha, Rajya Sabha adjourned for the day
ਇਸ ਦੌਰਾਨ ਕਾਂਗਰਸੀ ਮੈਂਬਰ ਸੀਟ ਨੇੜੇ ਆ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਹੱਥਾਂ ਵਿਚ ਤਖ਼ਤੀਆਂ ਵੀ ਸਨ। ਹੰਗਾਮੇ ਦੌਰਾਨ ਕੁਝ ਮੈਂਬਰਾਂ ਨੇ ਨਿਯਮ 377 ਤਹਿਤ ਆਪਣਾ ਮੁੱਦਾ ਉਠਾਇਆ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਦੇ ਚੇਅਰਮੈਨ ਅਗਰਵਾਲ ਨੇ ਕਿਹਾ ਕਿ ਕੁਝ ਮੈਂਬਰ ਲਗਾਤਾਰ ਤਖਤੀਆਂ ਦਿਖਾ ਰਹੇ ਹਨ ਜੋ ਸਦਨ ਦੀ ਮਰਿਆਦਾ ਦੇ ਅਨੁਕੂਲ ਨਹੀਂ ਹੈ। ਉਹਨਾਂ ਕਿਹਾ ਕਿ ਲੋਕ ਸਭਾ ਦੇ ਸਪੀਕਰ ਨੇ ਵੀ ਇਸ ਸਬੰਧੀ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਸੀ। ਅਗਰਵਾਲ ਨੇ ਕਿਹਾ ਕਿ ਬੈਂਚ ਕੋਲ ਇਹਨਾਂ ਮੈਂਬਰਾਂ ਦੇ ਨਾਂ ਲੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਮੈਂਬਰ ਕਿਰਪਾ ਕਰਕੇ ਇਸ ਚੇਤਾਵਨੀ ਵੱਲ ਧਿਆਨ ਦੇਣ ਅਤੇ ਕੋਈ ਵੀ ਤਖ਼ਤੀ ਨਾ ਦਿਖਾਉਣ।
lok Sabha
ਉਹਨਾਂ ਨੇ ਕਾਂਗਰਸ ਦੇ ਚਾਰ ਮੈਂਬਰਾਂ ਨੂੰ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰਨ ਦਾ ਐਲਾਨ ਕੀਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਬੈਂਚ ਨੂੰ ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕੀਤੀ ਅਤੇ ਸਦਨ ਵਿਚ ਇਸ ਸਬੰਧੀ ਮਤਾ ਪੇਸ਼ ਕੀਤਾ। ਅਗਰਵਾਲ ਨੇ ਬਾਅਦ ਦੁਪਹਿਰ ਕਰੀਬ 3.50 ਵਜੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
Monsoon Session
ਇਸ ਤੋਂ ਪਹਿਲਾਂ ਦੁਪਹਿਰ 2 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਰੌਲਾ ਪਾਉਣ ਵਾਲੇ ਮੈਂਬਰਾਂ ਨੂੰ ਆਪਣੇ ਸਥਾਨਾਂ 'ਤੇ ਪਰਤਣ ਦੀ ਅਪੀਲ ਕਰਦੇ ਹੋਏ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, "ਮੇਰੇ ਦਰਿਆਦਿਲੀ ਨੂੰ ਕਮਜ਼ੋਰੀ ਨਾ ਸਮਝੋ। 3 ਵਜੇ ਤੋਂ ਬਾਅਦ ਮੈਂ ਸਦਨ ਵਿਚ ਚਰਚਾ ਲਈ ਤਿਆਰ ਹਾਂ। ਸਰਕਾਰ ਵਿਚਾਰ ਵਟਾਂਦਰੇ ਲਈ ਤਿਆਰ ਹੈ ਪਰ ਜੇਕਰ ਸਿਰਫ਼ ਤਖ਼ਤੀਆਂ ਹੀ ਵਿਖਾਉਣੀਆਂ ਹਨ ਤਾਂ ਤਿੰਨ ਵਜੇ ਤੋਂ ਬਾਅਦ ਘਰ ਦੇ ਬਾਹਰ ਦਿਖਾਈਆਂ ਜਾਣ”।