ਹਰਿਆਣਾ 'ਚ ਕਾਰ ਚਾਲਕ ਨੇ ਕਾਂਵੜੀਆਂ 'ਤੇ ਚੜਾਈ ਕਾਰ, 5 ਕਾਵੜੀਏ ਹੋਏ ਗੰਭੀਰ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁੱਸੇ 'ਚ ਆਏ ਕਾਵੜੀਆਂ ਨੇ ਕਾਰ ਨੂੰ ਲਾਈ ਅੱਗ

photo

 

ਰੋਹਤਕ: ਹਰਿਆਣਾ ਦੇ ਰਾਦੌਰ ਪਿੰਡ ਧੌਲੜਾ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ 5 ਕਾਂਵੜੀਆਂ ਨੂੰ ਕੁਚਲ ਦਿੱਤਾ। ਸ਼ੁਕਰ ਹੈ ਕਿ ਹਾਦਸੇ ਵਿਚ ਕਿਸੇ ਦੀ ਮੌਤ ਨਹੀਂ ਹੋਈ। ਹਾਦਸੇ 'ਚ 3 ਕਾਵੜੀਆਂ ਗੰਭੀਰ ਜ਼ਖਮੀ ਹੋ ਗਏ, ਜਦਕਿ 2 ਨੂੰ ਮਾਮੂਲੀ ਸੱਟਾਂ ਲੱਗੀਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਚਾਲਕ ਮੌਕੇ 'ਤੇ ਕਾਰ ਛੱਡ ਕੇ ਫਰਾਰ ਹੋ ਗਿਆ।

 

ਗੁੱਸੇ 'ਚ ਆਏ ਕਾਵੜੀਆਂ ਨੇ ਸੜਕ ਕਿਨਾਰੇ ਖੜ੍ਹੀ ਕਾਰ ਨੂੰ ਉਲਟਾ ਕੇ ਅੱਗ ਲਗਾ ਦਿੱਤੀ। ਬਾਅਦ 'ਚ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਕਾਰ 'ਚ ਲੱਗੀ ਅੱਗ 'ਤੇ ਕਾਬੂ ਪਾਇਆ। ਇਸ ਮਗਰੋਂ ਕਾਵੜੀਆਂ ਨੇ ਐਸਕੇ ਰੋਡ ’ਤੇ ਜਾਮ ਲਾ ਦਿੱਤਾ। ਗੁੱਸੇ ਵਿੱਚ ਆਏ ਕਾਵੜੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਲਈ ਬਿਹਤਰ ਪ੍ਰਬੰਧ ਕੀਤੇ ਹਨ, ਜਦਕਿ ਇੱਥੋਂ ਦੀ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ।

 

ਸੂਚਨਾ ਮਿਲਣ 'ਤੇ ਰਾਦੌਰ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਜਕੁਮਾਰ ਨੇ ਮੌਕੇ 'ਤੇ ਪਹੁੰਚ ਕੇ ਗੰਭੀਰ ਜ਼ਖਮੀ ਕਾਵੜੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਯਮੁਨਾਨਗਰ ਪਹੁੰਚਾਇਆ। ਸੂਚਨਾ ਮਿਲਦੇ ਹੀ ਐਸਡੀਐਮ ਸਤੇਂਦਰ ਸਿਵਾਚ ਅਤੇ ਡੀਐਸਪੀ ਰਜਤ ਗੁਲੀਆ ਵੀ ਮੌਕੇ ’ਤੇ ਪੁੱਜੇ ਅਤੇ ਕਾਵੜੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਕਾਵੜੀਏ ਕਾਰ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ’ਤੇ ਅੜੇ ਰਹੇ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਨੂੰ ਸ਼ਾਂਤ ਕਰਵਾਇਆ। ਜਾਮ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਜਠਲਾਣਾ ਰੋਡ ਤੋਂ ਕਈ ਵਾਹਨਾਂ ਨੂੰ ਰਵਾਨਾ ਕੀਤਾ।

ਹਾਦਸੇ ਵਿੱਚ ਰਾਕੇਸ਼ ਕੁਮਾਰ (30), ਸ਼ਿਵਮ (18), ਸੂਰਜ (20) ਵਾਸੀ ਪਿੰਡ ਪਸ਼ਤਾਨਾ, ਨਿਗਡੂ, ਜ਼ਿਲ੍ਹਾ ਕਰਨਾਲ ਗੰਭੀਰ ਜ਼ਖ਼ਮੀ ਹੋ ਗਏ, ਜਦੋਂਕਿ ਸੁਨੀਲ ਅਤੇ ਮੋਨੂੰ ਨੂੰ ਅੰਸ਼ਕ ਸੱਟਾਂ ਲੱਗੀਆਂ। ਕਾਵੜੀਆਂ ਨੇ ਦੋਸ਼ ਲਾਇਆ ਕਿ ਹਾਦਸੇ ਤੋਂ ਬਾਅਦ ਕੁਝ ਪੁਲਿਸ ਮੁਲਾਜ਼ਮਾਂ ਨੇ ਕਾਰ ਚਾਲਕ ਨੂੰ ਮੌਕੇ ਤੋਂ ਭਜਾ ਦਿੱਤਾ। ਜਿਸ ਲਈ ਪੁਲਿਸ ਜ਼ਿੰਮੇਵਾਰ ਹੈ। ਦੇਰ ਸ਼ਾਮ ਤੱਕ ਕਾਵੜੀਆਂ ਨੇ ਐਸਕੇ ਰੋਡ ’ਤੇ ਜਾਮ ਲਾਇਆ ਹੋਇਆ ਸੀ। ਦੂਜੇ ਪਾਸੇ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਮੌਕੇ ’ਤੇ ਭੇਜੀ ਗਈ ਸੀ।