ਮੇਰੀ ਚੋਣ ਇਸ ਗੱਲ ਦਾ ਸਬੂਤ ਹੈ ਕਿ ਭਾਰਤ 'ਚ ਗਰੀਬ ਸੁਪਨੇ ਦੇਖ ਸਕਦੇ ਹਨ ਅਤੇ ਪੂਰੇ ਕਰ ਸਕਦੇ ਹਨ: ਮੁਰਮੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੈਨੂੰ ਦੇਸ਼ ਨੇ ਇੱਕ ਮਹੱਤਵਪੂਰਨ ਸਮੇਂ ਵਿਚ ਰਾਸ਼ਟਰਪਤੀ ਵਜੋਂ ਚੁਣਿਆ ਹੈ ਜਦੋਂ ਅਸੀਂ ਆਪਣੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ।

Droupadi Murmu

ਨਵੀਂ ਦਿੱਲੀ - ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਰਾਸ਼ਟਰਪਤੀ ਦੇ ਅਹੁਦੇ 'ਤੇ ਪਹੁੰਚਣਾ ਉਨ੍ਹਾਂ ਦੀ ਨਿੱਜੀ ਪ੍ਰਾਪਤੀ ਨਹੀਂ ਹੈ ਬਲਕਿ ਭਾਰਤ ਦੇ ਹਰ ਗਰੀਬ ਦੀ ਪ੍ਰਾਪਤੀ ਹੈ ਅਤੇ ਉਨ੍ਹਾਂ ਦੀ ਚੋਟੀ ਦੇ ਸੰਵਿਧਾਨਕ ਅਹੁਦੇ ਲਈ ਚੋਣ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿਚ ਗਰੀਬ ਸੁਪਨੇ ਦੇਖ ਸਕਦੇ ਹਨ ਅਤੇ ਉਹਨਾਂ ਨੂੰ ਪੂਰਾ ਵੀ ਕਰ ਸਕਦੇ ਹਨ। 

ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨ ਨੇ ਮੁਰਮੂ ਨੂੰ ਦੇਸ਼ ਦੇ 15ਵੇਂ ਰਾਸ਼ਟਰਪਤੀ ਵਜੋਂ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਰਾਸ਼ਟਰਪਤੀ ਮੁਰਮੂ ਨੇ ਆਪਣੇ ਸੰਬੋਧਨ ਵਿਚ ਕਿਹਾ, “ਮੈਨੂੰ ਦੇਸ਼ ਨੇ ਇੱਕ ਮਹੱਤਵਪੂਰਨ ਸਮੇਂ ਵਿਚ ਰਾਸ਼ਟਰਪਤੀ ਵਜੋਂ ਚੁਣਿਆ ਹੈ ਜਦੋਂ ਅਸੀਂ ਆਪਣੀ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਅੱਜ ਤੋਂ ਕੁਝ ਦਿਨ ਬਾਅਦ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ।

ਉਨ੍ਹਾਂ ਕਿਹਾ ਕਿ ਇਹ ਵੀ ਇਤਫ਼ਾਕ ਹੀ ਹੈ ਕਿ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 50ਵੇਂ ਵਰ੍ਹੇ ਦਾ ਜਸ਼ਨ ਮਨਾ ਰਿਹਾ ਸੀ, ਉਦੋਂ ਉਨ੍ਹਾਂ ਦਾ ਸਿਆਸੀ ਜੀਵਨ ਸ਼ੁਰੂ ਹੋਇਆ ਅਤੇ ਅੱਜ ਆਜ਼ਾਦੀ ਦੇ 75ਵੇਂ ਵਰ੍ਹੇ ਵਿਚ ਉਨ੍ਹਾਂ ਨੂੰ ਇਹ ਨਵੀਂ ਜ਼ਿੰਮੇਵਾਰੀ ਮਿਲੀ ਹੈ। ਨਵੀਂ ਰਾਸ਼ਟਰਪਤੀ ਨੇ ਕਿਹਾ, ''ਮੈਂ ਦੇਸ਼ ਦੀ ਪਹਿਲੀ ਰਾਸ਼ਟਰਪਤੀ ਵੀ ਹਾਂ, ਜਿਸ ਦਾ ਜਨਮ ਆਜ਼ਾਦ ਭਾਰਤ 'ਚ ਹੋਇਆ ਹੈ। ਸਾਡੇ ਆਜ਼ਾਦੀ ਘੁਲਾਟੀਆਂ ਨੇ ਅਜ਼ਾਦ ਹਿੰਦੁਸਤਾਨ ਦੇ ਨਾਗਰਿਕਾਂ ਤੋਂ ਜੋ ਉਮੀਦਾਂ ਬਣਾਈਆਂ ਸਨ, ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਲਈ ਸਾਨੂੰ ਇਸ ਅੰਮ੍ਰਿਤਕਾਲ ਵਿਚ ਤੇਜ਼ੀ ਨਾਲ ਕੰਮ ਕਰਨਾ ਹੈ।

ਇਹ ਭਾਰਤ ਦੇ ਹਰ ਗਰੀਬ ਦੀ ਪ੍ਰਾਪਤੀ ਹੈ। ਮੇਰੀ ਚੋਣ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦੇ ਗਰੀਬ ਲੋਕ ਸੁਪਨੇ ਦੇਖ ਸਕਦੇ ਹਨ ਅਤੇ ਉਨ੍ਹਾਂ ਨੂੰ ਸਾਕਾਰ ਕਰ ਸਕਦੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਉਸਨੇ ਆਪਣੀ ਜੀਵਨ ਯਾਤਰਾ ਉੜੀਸਾ ਦੇ ਇੱਕ ਛੋਟੇ ਜਿਹੇ ਕਬਾਇਲੀ ਪਿੰਡ ਤੋਂ ਸ਼ੁਰੂ ਕੀਤੀ ਸੀ ਅਤੇ ਜਿਸ ਪਿਛੋਕੜ ਤੋਂ ਉਹ ਆਉਂਦੀ ਹੈ, ਉੱਥੇ ਮੁੱਢਲੀ ਸਿੱਖਿਆ ਪ੍ਰਾਪਤ ਕਰਨਾ ਉਸ ਦੇ ਲਈ ਇੱਕ ਸੁਪਨੇ ਵਾਂਗ ਸੀ।

ਉਹਨਾਂ ਕਿਹਾ, "ਪਰ ਬਹੁਤ ਸਾਰੀਆਂ ਔਕੜਾਂ ਦੇ ਬਾਵਜੂਦ, ਮੇਰਾ ਇਰਾਦਾ ਪੱਕਾ ਰਿਹਾ ਅਤੇ ਮੈਂ ਕਾਲਜ ਜਾਣ ਵਾਲੀ ਆਪਣੇ ਪਿੰਡ ਦੀ ਪਹਿਲੀ ਧੀ ਬਣ ਗਈ। ਮੈਂ ਕਬਾਇਲੀ ਸਮਾਜ ਨਾਲ ਸਬੰਧਤ ਹਾਂ ਅਤੇ ਮੈਨੂੰ ਵਾਰਡ ਕੌਂਸਲਰ ਤੋਂ ਭਾਰਤ ਦਾ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਹੈ। ਇਹ ਭਾਰਤ ਦੀ ਮਹਾਨਤਾ ਹੈ। 
ਉਨ੍ਹਾਂ ਕਿਹਾ ਕਿ ਇਹ ਸਾਡੇ ਲੋਕਤੰਤਰ ਦੀ ਤਾਕਤ ਹੈ ਕਿ ਗਰੀਬ ਘਰ 'ਚ ਪੈਦਾ ਹੋਈ ਧੀ, ਦੂਰ-ਦਰਾਡੇ ਕਬਾਇਲੀ ਖੇਤਰ 'ਚ ਪੈਦਾ ਹੋਈ ਬੇਟੀ ਸਭ ਤੋਂ ਉੱਚੇ ਸੰਵਿਧਾਨਕ ਸਥਾਨ 'ਤੇ ਪਹੁੰਚ ਸਕਦੀ ਹੈ। 

ਮੁਰਮੂ ਨੇ ਕਿਹਾ, "ਮੇਰੇ ਲਈ ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਜਿਹੜੇ ਲੋਕ ਸਦੀਆਂ ਤੋਂ ਵਾਂਝੇ ਹਨ, ਜੋ ਵਿਕਾਸ ਦੇ ਲਾਭਾਂ ਤੋਂ ਦੂਰ ਹਨ, ਜਿਹੜੇ ਗਰੀਬ, ਦੱਬੇ-ਕੁਚਲੇ, ਪਛੜੇ ਅਤੇ ਆਦਿਵਾਸੀਆਂ ਨੂੰ ਮੇਰੇ ਅੰਦਰ ਆਪਣਾ ਪ੍ਰਤੀਬਿੰਬ ਨਜ਼ਰ ਆ ਰਿਹਾ ਹੈ। ਦੇਸ਼ ਦੇ ਗਰੀਬਾਂ ਦੀਆਂ ਅਸੀਸਾਂ ਸ਼ਾਮਲ ਹਨ ਅਤੇ ਦੇਸ਼ ਦੀਆਂ ਕਰੋੜਾਂ ਔਰਤਾਂ ਅਤੇ ਧੀਆਂ ਦੇ ਸੁਪਨਿਆਂ ਅਤੇ ਸੰਭਾਵਨਾਵਾਂ ਦਾ ਪ੍ਰਤੀਬਿੰਬ ਹੈ।

ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਇਸ ਚੋਟੀ ਦੇ ਸੰਵਿਧਾਨਕ ਅਹੁਦੇ ਲਈ ਉਨ੍ਹਾਂ ਦੀ ਚੋਣ ਨੇ ਅੱਜ ਦੇ ਭਾਰਤ ਦੇ ਨੌਜਵਾਨਾਂ ਨੂੰ ਪੁਰਾਣੀਆਂ ਜੰਜੀਰਾਂ ਵਿੱਚੋਂ ਨਿਕਲ ਕੇ ਨਵੇਂ ਰਾਹਾਂ ’ਤੇ ਚੱਲਣ ਦੀ ਹਿੰਮਤ ਦਿੱਤੀ ਹੈ ਅਤੇ ਉਹ ਅਜਿਹੇ ਪ੍ਰਗਤੀਸ਼ੀਲ ਭਾਰਤ ਦੀ ਅਗਵਾਈ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ: ਰਜਿੰਦਰ ਪ੍ਰਸਾਦ ਤੋਂ ਲੈ ਕੇ ਰਾਮ ਨਾਥ ਕੋਵਿੰਦ ਤੱਕ ਕਈ ਸ਼ਖ਼ਸੀਅਤਾਂ ਨੇ ਇਸ ਅਹੁਦੇ ਨੂੰ ਸੁਸ਼ੋਭਿਤ ਕੀਤਾ ਹੈ ਅਤੇ ਇਸ ਦੇ ਨਾਲ ਹੀ ਦੇਸ਼ ਨੇ ਉਨ੍ਹਾਂ ਨੂੰ ਇਸ ਮਹਾਨ ਪਰੰਪਰਾ ਦੀ ਨੁਮਾਇੰਦਗੀ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਹੈ।

ਉਨ੍ਹਾਂ ਕਿਹਾ, ''ਅੱਜ ਮੈਂ ਸਾਰੇ ਦੇਸ਼ਵਾਸੀਆਂ, ਖਾਸ ਤੌਰ 'ਤੇ ਭਾਰਤ ਦੇ ਨੌਜਵਾਨਾਂ ਅਤੇ ਭਾਰਤ ਦੀਆਂ ਔਰਤਾਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਇਸ ਅਹੁਦੇ 'ਤੇ ਕੰਮ ਕਰਦੇ ਹੋਏ ਮੇਰੇ ਲਈ ਉਨ੍ਹਾਂ ਦੇ ਹਿੱਤ ਸਭ ਤੋਂ ਉਪਰ ਹੋਣਗੇ।'' ਮੁਰਮੂ ਨੇ ਕਿਹਾ ਕਿ ਸੰਵਿਧਾਨ ਦੀ ਰੌਸ਼ਨੀ 'ਚ ਉਹ ਇਸ ਅਹੁਦੇ 'ਤੇ ਕੰਮ ਕਰਨਗੇ। ਆਪਣੇ ਫਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਭਾਰਤ ਦੇ ਜਮਹੂਰੀ-ਸੱਭਿਆਚਾਰਕ ਆਦਰਸ਼ ਲਈ ਅਤੇ ਸਾਰੇ ਦੇਸ਼ ਵਾਸੀਆਂ ਲਈ ਹਮੇਸ਼ਾ ਊਰਜਾ ਦਾ ਸਰੋਤ ਬਣੇ ਰਹਿਣਗੇ।

ਉਹਨਾਂ ਕਿਹਾ, "ਸੰਸਾਰ ਦੀ ਭਲਾਈ ਦੀ ਭਾਵਨਾ ਨਾਲ, ਮੈਂ ਤੁਹਾਡੇ ਸਾਰਿਆਂ ਦੇ ਭਰੋਸੇ 'ਤੇ ਖਰਾ ਉਤਰਨ ਲਈ ਪੂਰੀ ਲਗਨ ਨਾਲ ਕੰਮ ਕਰਨ ਲਈ ਹਮੇਸ਼ਾ ਤਿਆਰ ਰਹਾਂਗੀ।" ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਹੋਏ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਸੰਸਦ ਵਿਚ ਪਹੁੰਚੇ। ਸਹੁੰ ਚੁੱਕ ਸਮਾਗਮ ਵਿਚ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਮੰਤਰੀ ਪ੍ਰੀਸ਼ਦ ਦੇ ਮੈਂਬਰ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਜਪਾਲ, ਮੁੱਖ ਮੰਤਰੀ, ਸੰਸਦ ਮੈਂਬਰ ਆਦਿ ਨੇ ਸ਼ਿਰਕਤ ਕੀਤੀ। .