ਸਰਕਾਰ ਦੇ ਦਾਅਵੇ ਨਿਕਲੇ ਖੋਖਲੇ, ਇਕ ਸਾਲ 'ਚ ਦੁੱਗਣੇ ਤੋਂ ਜ਼ਿਆਦਾ ਬੇਰੁਜ਼ਗਾਰਾਂ ਨੇ ਕਰਵਾਇਆ ਰਜਿਸਟ੍ਰੇਸ਼ਨ
ਵਿੱਤੀ ਸਾਲ 2020-21 ਵਿਚ ਕੁੱਲ 28.47 ਲੱਖ ਰੁਜ਼ਗਾਰ ਭਾਲਣ ਵਾਲਿਆਂ ਨੇ ਨੈਸ਼ਨਲ ਕਰੀਅਰ ਸਰਵਿਸ ਪੋਰਟਲ 'ਤੇ ਰਜਿਸਟਰ ਕੀਤਾ ਸੀ।
ਨਵੀਂ ਦਿੱਲੀ - ਦੇਸ਼ 'ਚ ਬੇਰੁਜ਼ਗਾਰੀ ਦੀ ਦਰ ਵਧ ਰਹੀ ਹੈ, ਇਸ ਦਾ ਅੰਦਾਜ਼ਾ ਨੈਸ਼ਨਲ ਕਰੀਅਰ ਸਰਵਿਸ ਪੋਰਟਲ 'ਤੇ ਰਜਿਸਟਰਡ ਹੋਣ ਵਾਲੇ ਬੇਰੁਜ਼ਗਾਰਾਂ ਨਾਲ ਸਬੰਧਤ ਲੋਕ ਸਭਾ 'ਚ ਪੁੱਛੇ ਗਏ ਸਵਾਲ ਦੇ ਜਵਾਬ ਤੋਂ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਨੈਸ਼ਨਲ ਕਰੀਅਰ ਸਰਵਿਸ ਪ੍ਰੋਜੈਕਟ ਲਈ ਅਲਾਟ ਕੀਤੇ ਕੁੱਲ ਬਜਟ ਦਾ ਅੱਧਾ ਵੀ ਖਰਚ ਨਹੀਂ ਕੀਤਾ ਗਿਆ।
ਸਰਕਾਰ ਨੇ ਲੋਕ ਸਭਾ ਵਿਚ ਜਾਣਕਾਰੀ ਦਿੱਤੀ ਹੈ ਕਿ ਵਿੱਤੀ ਸਾਲ 2020-21 ਵਿਚ ਕੁੱਲ 28.47 ਲੱਖ ਰੁਜ਼ਗਾਰ ਭਾਲਣ ਵਾਲਿਆਂ ਨੇ ਨੈਸ਼ਨਲ ਕਰੀਅਰ ਸਰਵਿਸ ਪੋਰਟਲ 'ਤੇ ਰਜਿਸਟਰ ਕੀਤਾ ਸੀ। ਇਸ ਦੇ ਨਾਲ ਹੀ, ਵਿੱਤੀ ਸਾਲ 2021-22 ਵਿਚ ਰੁਜ਼ਗਾਰ ਭਾਲਣ ਵਾਲਿਆਂ ਦੀ ਰਜਿਸਟ੍ਰੇਸ਼ਨ ਦੀ ਗਿਣਤੀ ਵਧ ਕੇ 65.41 ਲੱਖ ਹੋ ਗਈ ਹੈ। ਇਸ ਤੋਂ ਇਲਾਵਾ ਵਿੱਤੀ ਸਾਲ 2021-22 ਵਿਚ ਨੈਸ਼ਨਲ ਕਰੀਅਰ ਸਰਵਿਸ ਪ੍ਰੋਜੈਕਟ ਲਈ ਅਲਾਟ ਕੀਤੇ ਕੁੱਲ ਬਜਟ ਦਾ ਅੱਧਾ ਵੀ ਖਰਚ ਨਹੀਂ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਵਿੱਤੀ ਸਾਲ 2021-22 'ਚ ਸਭ ਤੋਂ ਵੱਧ ਰਜਿਸਟ੍ਰੇਸ਼ਨ ਝਾਰਖੰਡ ਰਾਜ ਤੋਂ ਹੋਈ ਹੈ। ਲੋਕਾਂ ਦੀ ਰਜਿਸਟ੍ਰੇਸ਼ਨ ਵਿਚ ਭਾਰੀ ਵਾਧਾ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਕਰੀਅਰ ਸਰਵਿਸ ਪੋਰਟਲ ਇੱਕ ਪੋਰਟਲ ਹੈ ਜੋ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਲੱਭਣ ਵਿਚ ਮਦਦ ਕਰਨ ਲਈ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ਵਿਚ ਰਜਿਸਟ੍ਰੇਸ਼ਨ ਰਾਹੀਂ, ਨੌਕਰੀ ਲੱਭਣ ਵਾਲੇ ਨੌਕਰੀਆਂ ਦੀ ਖੋਜ ਕਰ ਸਕਦੇ ਹਨ ਅਤੇ ਰੁਜ਼ਗਾਰਦਾਤਾ ਵੀ ਕਰਮਚਾਰੀ ਪ੍ਰਾਪਤ ਕਰ ਸਕਦੇ ਹਨ।