ਪੂਰਵਾਂਚਲ ਐਕਸਪ੍ਰੈਸ ਵੇਅ 'ਤੇ ਦੋ ਡਬਲ ਡੇਕਰ ਬੱਸਾਂ ਵਿਚਾਲੇ ਭਿਆਨਕ ਟੱਕਰ, 8 ਯਾਤਰੀਆਂ ਦੀ ਮੌਤ
18 ਤੋਂ ਵੱਧ ਲੋਕ ਜਖ਼ਮੀ ਹੋ ਗਏ ਹਨ
ਲਖਨਊ - ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਸੋਮਵਾਰ ਸਵੇਰੇ ਪੂਰਵਾਂਚਲ ਐਕਸਪ੍ਰੈਸ ਵੇਅ 'ਤੇ ਬਿਹਾਰ ਤੋਂ ਦਿੱਲੀ ਜਾ ਰਹੀਆਂ ਦੋ ਡਬਲ ਡੈਕਰ ਬੱਸਾਂ ਦੀ ਟੱਕਰ ਹੋ ਗਈ। ਇਸ ਘਟਨਾ 'ਚ ਬੱਸ 'ਚ ਸਵਾਰ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਇਸ ਦੇ ਨਾਲ ਹੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਸੀ.ਐੱਚ.ਸੀ ਹੈਦਰਗੜ੍ਹ ਵਿਖੇ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਬਿਹਾਰ ਤੋਂ ਦਿੱਲੀ ਜਾ ਰਹੀ ਇੱਕ ਡਬਲ ਡੈਕਰ ਬੱਸ ਨੇ ਪਿੱਛੇ ਤੋਂ ਇੱਕ ਹੋਰ ਡਬਲ ਡੈਕਰ ਬੱਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋਵੇਂ ਬੱਸਾਂ ਦੇ ਪਰਖੱਚੇ ਉੱਡ ਗਏ।
ਮੀਡੀਆ ਰਿਪੋਰਟਾਂ ਮੁਤਾਬਕ ਸੀਐਚਸੀ ਹੈਦਰਗੜ੍ਹ ਤੋਂ ਗੰਭੀਰ ਰੂਪ ਨਾਲ ਜ਼ਖਮੀ ਯਾਤਰੀਆਂ ਨੂੰ ਲਖਨਊ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਨੁਕਸਾਨੀ ਬੱਸ ਨੂੰ ਮੌਕੇ 'ਤੇ ਹੀ ਕਰੇਨ ਦੀ ਮਦਦ ਨਾਲ ਐਕਸਪ੍ਰੈਸ ਵੇਅ 'ਤੇ ਉਤਾਰਿਆ ਜਾ ਰਿਹਾ ਹੈ। ਜਿਸ ਕਾਰਨ ਐਕਸਪ੍ਰੈਸ ਵੇਅ 'ਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲੇ। ਇਸ ਦੇ ਨਾਲ ਹੀ ਸੂਚਨਾ ਮਿਲਦੇ ਹੀ ਮ੍ਰਿਤਕਾਂ ਦੇ ਪਰਿਵਾਰ ਵਾਲੇ ਬਾਰਾਬੰਕੀ ਪਹੁੰਚ ਰਹੇ ਹਨ।
ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਵੀ ਕੀਤੀ। ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਜ਼ਖਮੀਆਂ ਦੇ ਸਹੀ ਇਲਾਜ ਲਈ ਨਿਰਦੇਸ਼ ਦਿੱਤੇ ਹਨ।