ਮਨੀਪੁਰ ’ਚ ਬ੍ਰਾਡਬੈਂਡ ਇੰਟਰਨੈੱਟ ’ਤੇ ਪਾਬੰਦੀ ਅੰਸ਼ਕ ਤੌਰ ’ਤੇ ਹਟਾਈ ਗਈ
ਮੋਬਾਈਲ ਇੰਟਰਨੈੱਟ ਅਜੇ ਵੀ ਬੰਦ
ਇੰਫਾਲ: ਮਨੀਪੁਰ ਸਰਕਾਰ ਨੇ ਮੰਗਲਵਾਰ ਨੂੰ ਬ੍ਰਾਡਬੈਂਡ ਇੰਟਰਨੈੱਟ ’ਤੇ ਲੱਗੀ ਪਾਬੰਦੀ ਨੂੰ ਅੰਸ਼ਕ ਤੌਰ ’ਤੇ ਹਟਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਮੋਬਾਈਲ ਇੰਟਰਨੈੱਟ ’ਤੇ ਪਾਬੰਦੀ ਜਾਰੀ ਰਹੇਗੀ। ਰਾਜ ਦੇ ਗ੍ਰਹਿ ਵਿਭਾਗ ਨੇ ਇਕ ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿਤੀ। ਮਨੀਪੁਰ ’ਚ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਚੱਲ ਰਹੀ ਜਾਤੀ ਹਿੰਸਾ ਕਾਰਨ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ ਲਾ ਦਿਤੀ ਗਈ ਸੀ।
ਸੂਬੇ ਦੇ ਗ੍ਰਹਿ ਵਿਭਾਗ ਅਨੁਸਾਰ, ਇੰਟਰਨੈਟ ਕਨੈਕਸ਼ਨ ਸਿਰਫ ਸਥਿਰ ਆਈ.ਪੀ. ਰਾਹੀਂ ਉਪਲਬਧ ਹੋਵੇਗਾ ਅਤੇ ਸਬੰਧਤ ਗਾਹਕ ਅਸਥਾਈ ਤੌਰ ’ਤੇ ਮਨਜ਼ੂਰਸ਼ੁਦਾ ਕੁਨੈਕਸ਼ਨ ਤੋਂ ਇਲਾਵਾ ਕੋਈ ਹੋਰ ਕੁਨੈਕਸ਼ਨ ਮਨਜ਼ੂਰ ਨਹੀਂ ਹੋਵੇਗਾ। (ਇਸ ਸ਼ਰਤ ਦੀ ਪਾਲਣਾ ਨਾ ਕਰਨ ’ਤੇ ਟੀ.ਐਸ.ਪੀ./ਆਈ.ਐਸ.ਪੀ. ਜ਼ਿੰਮੇਵਾਰ ਹੋਵੇਗਾ)। ਕਿਸੇ ਵੀ ਰਾਊਟਰ ਅਤੇ ਸਿਸਟਮ ਤੋਂ ਸਬੰਧਤ ਗਾਹਕ ਨੂੰ ਕਿਸੇ ਵੀ ਕੀਮਤ ’ਤੇ ਵਾਈ.ਫ਼ਾਈ. ਹੌਟਸਪੌਟ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।
ਗ੍ਰਹਿ ਵਿਭਾਗ ਨੇ ਦਸਿਆ ਕਿ ਸਰਕਾਰ ਨੇ ਲੋਕਾਂ ਦੀ ਤਕਲੀਫ ਨੂੰ ਸਮਝਿਆ ਹੈ, ਕਿਉਂਕਿ ਇੰਟਰਨੈੱਟ ਦੀ ਪਾਬੰਦੀ ਕਾਰਨ ਦਫਤਰ ਅਤੇ ਅਦਾਰੇ ਪ੍ਰਭਾਵਤ ਹੋਏ ਹਨ ਅਤੇ ਲੋਕ ਘਰ ਤੋਂ ਕੰਮ ਕਰ ਰਹੇ ਹਨ, ਇਸ ਤੋਂ ਇਲਾਵਾ ਮੋਬਾਈਲ ਰੀਚਾਰਜ, ਐਲ.ਪੀ.ਜੀ. ਸਿਲੰਡਰ ਬੁਕਿੰਗ, ਬਿਜਲੀ ਬਿਲ ਭੁਗਤਾਨ ਅਤੇ ਹੋਰ ਆਨਲਾਈਨ ਸੇਵਾਵਾਂ ਵੀ ਪ੍ਰਭਾਵਤ ਹੋ ਰਹੀਆਂ ਹਨ। ਗ੍ਰਹਿ ਵਿਭਾਗ ਨੇ ਕਿਹਾ ਕਿ ਬ੍ਰਾਡਬੈਂਡ ਇੰਟਰਨੈੱਟ ’ਤੇ ਪਾਬੰਦੀ ਨੂੰ ਕੁਝ ਸ਼ਰਤਾਂ ਦੇ ਨਾਲ ਅੰਸ਼ਕ ਤੌਰ ’ਤੇ ਹਟਾਇਆ ਜਾ ਰਿਹਾ ਹੈ।
ਫ਼ਰਜ਼ੀ ਖ਼ਬਰ ਫੈਲਾਉਣ ਲਈ ਮਾਮਲਾ ਦਰਜ
ਇੰਫਾਲ: ਮਨੀਪੁਰ ਪੁਲਿਸ ਨੇ ਸੋਮਵਾਰ ਨੂੰ ‘ਫਰਜ਼ੀ ਖ਼ਬਰਾਂ’ ਦੇ ਸਬੰਧ ਵਿਚ ਐਫ.ਆਈ.ਆਰ. ਦਰਜ ਕੀਤੀ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਮਿਆਂਮਾਰ ’ਚ ਹਥਿਆਰਬੰਦ ਵਿਅਕਤੀਆਂ ਵਲੋਂ ਇਕ ਔਰਤ ਦੇ ਕਤਲ ਨੂੰ ਦਰਸਾਉਂਦੀ ਇਕ ਵੀਡੀਓ ਨੂੰ ਮਨੀਪੁਰ ਦੀ ਘਟਨਾ ਦਸਿਆ ਜਾ ਰਿਹਾ ਹੈ। ਪੁਲਿਸ ਨੇ ਟਵੀਟ ਕੀਤਾ ਕਿ ਵੀਡੀਉ ਨੂੰ ਹਿੰਸਾ ਭੜਕਾਉਣ ਲਈ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਅਤੇ ਫਰਜ਼ੀ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਫਰਜ਼ੀ ਖ਼ਬਰਾਂ ਫੈਲਾਉਣ ਲਈ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਇਸ ਵੀਡੀਓ ਵਿਚ ਮਿਆਂਮਾਰ ਦੀ ਘਟਨਾ ਨੂੰ ਮਨੀਪੁਰ ਦੇ ਮਾਮਲੇ ਵਜੋਂ ਵਿਖਾਇਆ ਗਿਆ ਹੈ।
ਔਰਤ ਨਾਲ ਛੇੜਛਾੜ ਕਰਨ ਵਾਲਾ ਬੀ.ਐਸ.ਐਫ਼. ਜਵਾਨ ਮੁਅੱਤਲ
ਨਵੀਂ ਦਿੱਲੀ: ਸਰਹੱਦੀ ਸੁਰਖਿਆ ਬਲ (ਬੀ.ਐਸ.ਐਫ਼.) ਨੇ ਬੀਤੇ ਹਫ਼ਤੇ ਅਸ਼ਾਂਤ ਮਨੀਪੁਰ ’ਚ ਇਕ ਰਾਸ਼ਨ ਦੀ ਦੁਕਾਨ ’ਤੇ ਇਕ ਸਥਾਨਕ ਔਰਤ ਨਾਲ ਛੇੜਛਾਛ ਕਰਨ ਦੇ ਦੋਸ਼ਾਂ ’ਚ ਅਪਣੇ ਇਕ ਜਵਾਨ ਨੂੰ ਮੁਅੱਤਲ ਕਰ ਦਿਤਾ ਹੈ। ਇਕ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਵੀਡੀਉ ’ਚ ਹੈੱਡ ਕਾਂਸਟੇਬਲ ਸਤੀਸ਼ ਪ੍ਰਸਾਦ ਅਪਣੀ ਵਰਦੀ ਪਾਈ ਅਤੇ ਇੰਸਾਸ ਰਾਈਫ਼ਲ ਨਾਲ ਔਰਤ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਦਾ ਦਿਸ ਰਿਹਾ ਹੈ। ਇਸ ਵੀਡੀਉ ਨੂੰ ਸੋਸ਼ਲ ਮੀਡੀਆ ’ਤੇ ਵੀ ਬੜੀ ਗਿਣਤੀ ’ਚ ਸਾਂਝਾ ਕੀਤਾ ਗਿਆ। ਬੀ.ਐਸ.ਐਫ਼. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਘਟਨਾਂ 20 ਜੁਲਾਈ ਨੂੰ ਇੰਫਾਲ ਜ਼ਿਲ੍ਹੇ ’ਚ ਦਰਜ ਕੀਤੀ ਗਈ ਸੀ। ਨੀਮਫ਼ੌਜੀ ਬਲਾਂ ਨੂੰ ਸ਼ਿਕਾਇਤ ਮਿਲਣ ਮਗਰੋਂ ਦੋਸ਼ਾਂ ਦੀ ਜਾਂਚ ਕੀਤੀ ਗਈ ਅਤੇ ਬਾਅਦ ’ਚ ਉਸੇ ਦਿਨ ਜਵਾਨ ਨੂੰ ਮੁਅੱਤਲ ਕਰ ਦਿਤਾ ਗਿਆ।