NMP ਮਾਮਲਾ: ਰਾਹੁਲ ਗਾਂਧੀ ’ਤੇ ਵਿੱਤ ਮੰਤਰੀ ਦਾ ਪਲਟਵਾਰ- ‘ਕੀ ਮੁਦਰੀਕਰਨ ਨੂੰ ਸਮਝਦੇ ਹੋ?’

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਤਾਰਮਨ ਨੇ ਕਿਹਾ, "ਇਹ ਕਾਂਗਰਸ ਸੀ, ਜਿਸ ਨੇ ਦੇਸ਼ ਦੇ ਸਰੋਤ ਵੇਚੇ ਅਤੇ ਉਸ ਤੋਂ ਰਿਸ਼ਵਤ ਲਈ।"

Finance Minister Nirmala Sitharaman and Rahul Gandhi

ਨਵੀਂ ਦਿੱਲੀ: ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (NMP) ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਮੋਦੀ ਸਰਕਾਰ (Modi Government) ’ਤੇ ਹਮਲਾ ਜਾਰੀ ਹੈ। ਅੱਜ ਉਨ੍ਹਾਂ ਨੇ ਇਕ ਟਵੀਟ ਕੀਤਾ ਕਿ, "ਸਭ ਤੋਂ ਪਹਿਲਾਂ ਈਮਾਨ ਵੇਚਿਆ ਅਤੇ ਹੁਣ... #IndiaOnSale।” ਉਨ੍ਹਾਂ ਨੇ ਪਹਿਲਾਂ ਵੀ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਸੀ ਕਿ ਪੀਐੱਮ ਮੋਦੀ ਆਪਣੇ ਕੁਝ ਉਦਯੋਗਪਤੀ ਦੋਸਤਾਂ ਨੂੰ 70 ਸਾਲਾਂ ਤੋਂ ਜਨਤਾ ਦੇ ਪੈਸੇ ਨਾਲ ਬਣੀ ਸੰਪਤੀ ਨੂੰ ਵੇਚ ਰਹੇ ਹਨ। ਇਸ ’ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਜਵਾਬੀ ਵਾਰ ਕੀਤਾ ਹੈ।

ਸੀਤਾਰਮਨ ਨੇ ਕਿਹਾ, “ਕੀ ਉਹ (Rahul Gandhi) ਮੁਦਰੀਕਰਨ ਨੂੰ ਸਮਝਦੇ ਹਨ। ਇਹ ਕਾਂਗਰਸ (Congress) ਸੀ ਜਿਸ ਨੇ ਦੇਸ਼ ਦੇ ਸਰੋਤ ਵੇਚੇ ਅਤੇ ਉਸ ਤੋਂ ਰਿਸ਼ਵਤ ਲਈ।” ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 8,000 ਕਰੋੜ ਰੁਪਏ ਇਕੱਠੇ ਕਰਨ ਲਈ ਮੁੰਬਈ-ਪੁਣੇ ਐਕਸਪ੍ਰੈਸਵੇਅ ਦਾ ਮੁਦਰੀਕਰਨ (Monetization) ਕੀਤਾ, 2008 ਵਿਚ ਨਵੀਂ ਦਿੱਲੀ ਰੇਲਵੇ ਸਟੇਸ਼ਨ ਲਈ ਬੇਨਤੀ ਪ੍ਰਸਤਾਵ ਮੰਗੇ ਗਏ ਸਨ।

ਦੱਸ ਦੇਈਏ ਕਿ ਵਿੱਤ ਮੰਤਰੀ (Finance Minister) ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ 6 ਲੱਖ ਕਰੋੜ ਰੁਪਏ ਦੇ NMP ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਯਾਤਰੀ ਰੇਲ ਗੱਡੀਆਂ, ਰੇਲਵੇ ਸਟੇਸ਼ਨਾਂ ਤੋਂ ਲੈ ਕੇ ਹਵਾਈ ਅੱਡਿਆਂ, ਸੜਕਾਂ ਅਤੇ ਸਟੇਡੀਅਮਾਂ ਦਾ ਮੁਦਰੀਕਰਨ ਸ਼ਾਮਲ ਹੈ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਬੁਨਿਆਦੀ ਢਾਂਚਾ ਦੇ ਖੇਤਰਾਂ ਵਿਚ ਪ੍ਰਾਈਵੇਟ ਕੰਪਨੀਆਂ (Private Companies) ਨੂੰ ਸ਼ਾਮਲ ਕਰਕੇ ਸਰੋਤ ਜੁਟਾਏ ਜਾਣਗੇ ਅਤੇ ਸੰਪਤੀਆਂ ਵਿਕਸਤ ਕੀਤੀਆਂ ਜਾਣਗੀਆਂ।

ਰਾਹੁਲ ਗਾਂਧੀ ਨੇ ਕਿਹਾ, “ਅਸੀਂ ਨਿੱਜੀਕਰਨ ਦੇ ਵਿਰੁੱਧ ਨਹੀਂ ਹਾਂ। ਸਾਡੇ ਸਮੇਂ ਵਿਚ ਨਿੱਜੀਕਰਨ ਸਮਝਦਾਰੀ ਵਾਲਾ ਸੀ। ਉਸ ਸਮੇਂ ਰਣਨੀਤਕ ਤੌਰ ਤੇ ਮਹੱਤਵਪੂਰਨ ਸੰਪਤੀਆਂ ਦਾ ਨਿੱਜੀਕਰਨ ਨਹੀਂ ਕੀਤਾ ਗਿਆ ਸੀ। ਅਸੀਂ ਉਨ੍ਹਾਂ ਉਦਯੋਗਾਂ ਦਾ ਨਿੱਜੀਕਰਨ ਕਰਦੇ ਸੀ ਜਿਨ੍ਹਾਂ ਨੂੰ ਬਹੁਤ ਨੁਕਸਾਨ ਹੁੰਦਾ ਸੀ।”