ਚੰਦਰਯਾਨ-3 ਦੀ ਕਾਮਯਾਬੀ ਮਗਰੋਂ ਜਾਣੋ ਇਸਰੋ ਦਾ ਅਗਲਾ ਟੀਚਾ...
ਦੋ ਸਾਲਾਂ ਤੋਂ ਵੱਧ ਸਮੇਂ ਤੋਂ ਅਪਣੇ ਘਰ ਨਹੀਂ ਗਏ ਹਨ ਇਸਰੋ ਦੇ ਮਨੀਪੁਰੀ ਵਿਗਿਆਨੀ ਨਿੰਗਥੌਜਮ ਰਘੂ ਸਿੰਘ
ਕੋਲਕਾਤਾ, 25 ਅਗੱਸਤ: ਕੰਮ ਪ੍ਰਤੀ ਅਪਣੇ ਪ੍ਰੇਮ ਕਾਰਨ ਇਕ ਰਾਕੇਟ ਵਿਗਿਆਨੀ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਮਨੀਪੁਰ ਦੇ ਬਿਸ਼ਣੂਪੁਰ ਜ਼ਿਲ੍ਹੇ ’ਚ ਸਥਿਤ ਅਪਣੇ ਘਰ ਨਹੀਂ ਗਏ ਹਨ।
ਇਹ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀ ਨਿੰਗਥੌਜਮ ਰਘੂ ਸਿੰਘ ਹਨ ਜੋ ਚੰਦਰਯਾਨ-3 ਨੂੰ ਚੰਨ ’ਤੇ ਭੇਜਣ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਲੋਕਾਂ ’ਚੋਂ ਇਕ ਹਨ।
ਰਘੂ ਸਿੰਘ ਨੇ ਕਿਹਾ, ‘‘ਮੈਨੂੰ ਘਰ ਦੀ ਯਾਦ ਆਉਂਦੀ ਹੈ, ਪਰ ਅਪਣੇ ਕੰਮ ਦੀ ਕਿਸਮ ਕਾਰਨ ਮੈਂ ਲਗਭਗ ਦੋ ਸਾਲਾਂ ਤੋਂ ਉਥੇ ਨਹੀਂ ਗਿਆ ਹਾਂ।’’ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਅਗਲੀ ਵਾਰੀ ਘਰ ਕਦੋਂ ਜਾਣਗੇ।
ਉਨ੍ਹਾਂ ਕਿਹਾ, ‘‘ਪਰ ਮੈਨੂੰ ਅਪਣੇ ਮਾਤਾ-ਪਿਤਾ ਨਾਲ ਲਗਭਗ ਹਰ ਦਿਨ ਗੱਲਬਾਤ ਕਰਨ ਲਈ ਵਟਸਐਪ ਅਤੇ ਫ਼ੇਸਬੁਕ ਵਰਗੀ ਤਕਨਾਲੋਜੀ ਨੂੰ ਧਨਵਾਦ ਦੇਣਾ ਚਾਹੀਦਾ ਹੈ।’’
ਭਾਰਤ ਦੀਆਂ ਬਿਹਤਰੀਨ ਪ੍ਰਾਪਤੀਆਂ ’ਚੋਂ ਇਕ ਹੇਠ ਚੰਦਰਯਾਨ-3 ਨੇ 23 ਅਗੱਸਤ ਨੂੰ ਚੰਨ ਦੇ ਦਖਣੀ ਧਰੁਵ ’ਤੇ ਸਫ਼ਲਤਾਪੂਰਵਕ ‘ਸਾਫ਼ਟ ਲੈਂਡਿੰਗ’ ਕਰ ਕੇ ਇਤਿਹਾਸ ਰਚ ਦਿਤਾ ਸੀ।
ਉਨ੍ਹਾਂ ਕਿਹਾ, ‘‘ਚੰਦਰਯਾਨ-3 ਦੀ ਚੰਨ ’ਤੇ ਲੈਂਡਿੰਗ ਭਾਰਤੀ ਪੁਲਾੜ ਪ੍ਰੋਗਰਾਮ ਦੇ ਹੋਰ ਵੀ ਜ਼ਿਆਦਾ ਉਤਸ਼ਾਹੀ ਅਗਲੇ ਅਧਿਆਏ ਦੀ ਸ਼ੁਰੂਆਤ ਹੈ, ਜਿਸ ’ਚ ਸੂਰਜ ਦਾ ਅਧਿਐਨ ਕੀਤਾ ਜਾਵੇਗਾ ਅਤੇ ਗਗਨਯਾਨ ਪ੍ਰੋਗਰਾਮ ਹੇਠ ਇਕ ਭਰਾਤੀ ਮੰਚ ’ਤੇ ਭਾਰਤੀਆਂ ਨੂੰ ਪੁਲਾੜ ’ਚ ਭੇਜਿਆ ਜਾਵੇਗਾ।’’
ਉਨ੍ਹਾਂ ਕਿਹਾ, ‘‘ਹੁਣ ਅਸੀਂ ਮਿਸ਼ਨ ਗਗਨਯਾਨ ’ਤੇ ਧਿਆਨ ਕੇਂਦਰਤ ਕਰ ਰਹੇ ਹਾਂ, ਜਿਸ ’ਚ ਤਿੰਨ ਦਿਨਾਂ ਦੇ ਮਿਸ਼ਨ ਲਈ ਤਿੰਨ ਮੈਂਬਰਾਂ ਵਾਲੇ ਚਾਲਕ ਦਲ ਨੂੰ 400 ਕਿਲੋਮੀਟਰ ਦੇ ਆਰਬਿਟ ’ਚ ਭੇਜਣ ਅਤੇ ਫਿਰ ਭਾਰਤੀ ਸਮੁੰਦਰੀ ਜਲ ’ਚ ਉਤਾਰ ਕੇ ਉਨ੍ਹਾਂ ਨੂੰ ਸੁਰਖਿਅਤ ਰੂਪ ’ਚ ਪ੍ਰਿਥਵੀ ’ਤੇ ਵਾਪਸ ਲਿਆ ਕੇ ਮਨੁੱਖ ਦੀ ਪੁਲਾੜ ਉਡਾਨ ਸਮਰਥਾ ਦਾ ਪ੍ਰਦਰਸ਼ਨ ਕਰਨ ਬਾਰੇ ਸੋਚਿਆ ਗਿਆ ਹੈ।’’
ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਹੁਣ ਤਕ ਪੁਲਾੜ ’ਚ ਜਾਣ ਵਾਲੇ ਇਕੋ-ਇਕ ਭਾਰਤੀ ਹਨ। 1984 ’ਚ, ਉਹ ਭਾਰਤ-ਸੋਵੀਅਤ ਸੰਘ ਦੇ ਸਾਂਝੇ ਮਿਸ਼ਨ ਹੇਠ ਪੁਲਾੜ ’ਚ ਗਏ ਸਨ ਅਤੇ ‘ਸਲਿਊਟ 7 ਪੁਲਾੜ ਸਟੇਸ਼ਨ’ ’ਤੇ ਅੱਠ ਦਿਨ ਬਿਤਾਏ ਸਨ।
ਬਿਸ਼ਣੂਪੁਰ ਜ਼ਿਲ੍ਹੇ ਦੇ ਕਾਂਗਾ ਵਾਸੀ ਐਨ. ਚਾਉਬਾ ਸਿੰਘ ਅਤੇ ਐਨ. ਯਾਈਮਾਬੀ ਦੇਵੀ ਦੇ ਪੁੱਤਰ ਰਘੂ ਸਿੰਘ ਮੱਛੀਆਂ ਫੜਨ ਵਾਲੇ ਇਕ ਆਮ ਪ੍ਰਵਾਰ ’ਚੋਂ ਹਨ।
ਉਹ ਆਈ.ਆਈ.ਐਸ.ਸੀ. ਬੈਂਗਲੋਰ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੇ ਆਈ.ਆਈ.ਟੀ.-ਗੁਹਾਟੀ ਤੋਂ ਫ਼ਿਜਿਕਸ ’ਚ ਪੋਸਟ ਗਰੈਜੁਏਸ਼ਨ (ਗੋਲਡ ਮੈਡਲ ਜੇਤੂ) ਪੂਰੀ ਕੀਤੀ ਅਤੇ ਡੀ.ਐਮ. ਕਾਲਜ ਆਫ਼ ਸਾਇੰਸ ਇੰਫ਼ਾਲ ਤੋਂ ਫ਼ਿਜੀਕਸ ’ਚ ਗਰੈਜੁਏਸ਼ਨ ਕੀਤੀ। ਉਹ 2006 ’ਚ ਵਿਗਿਆਨੀ ਵਜੋਂ ਇਸਰੋ ’ਚ ਸ਼ਾਮਲ ਹੋਏ ਸਨ।
ਚੰਦਰਯਾਨ-3 : ਇਸਰੋ ਨੇ ‘ਪ੍ਰਗਿਆਨ’ ਰੋਵਰ ਦੇ ਲੈਂਡਰ ਤੋਂ ਉਤਰ ਕੇ ਚੰਨ ਦੀ ਸਤ੍ਹਾ ’ਤੇ ਚੱਲਣ ਦਾ ਵੀਡੀਉ ਜਾਰੀ ਕੀਤਾ
ਬੇਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-3 ਮਿਸ਼ਨ ਦੇ ਰੋਵਰ ‘ਪ੍ਰਗਿਆਨ’ ਦੇ ਲੈਂਡਰ ‘ਵਿਕਰਮ’ ਤੋਂ ਬਾਹਰ ਨਿਕਲਣ ਅਤੇ ਇਸ ਦੇ ਚੰਨ ਦੀ ਸਤ੍ਹਾ ’ਤੇ ਚੱਲਣ ਦਾ ਇਕ ਸ਼ਾਨਦਾਰ ਵੀਡੀਉ ਸ਼ੁਕਰਵਾਰ ਨੂੰ ਜਾਰੀ ਕੀਤਾ। ਇਹ ਵੀਡੀਉ ਲੈਂਡਰ ਦੇ ਇਮੇਜਰ ਕੈਮਰੇ ਨੇ ਬਣਾਇਆ ਹੈ।
ਇਸਰੋ ਨੇ ਸੋਸ਼ਲ ਮੀਡੀਆ ਮੰਗਚ ‘ਐਕਸ’ ’ਤੇ ਇਹ ਵੀਡੀਉ ਸਾਂਝਾ ਕਰਦਿਆਂ ਸੰਦੇਸ਼ ਲਿਖਿਆ, ‘‘... ਅਤੇ ਚੰਦਰਯਾਨ-3 ਦਾ ਰੋਵਰ, ਲੈਂਡਰ ਤੋਂ ਨਿਕਲ ਕੇ ਇਸ ਤਰ੍ਹਾਂ ਚੰਨ ਦੀ ਸਤ੍ਹਾ ’ਤੇ ਚਲਾ ਗਿਆ।’’
ਭਾਰਤੀ ਪੁਲਾੜ ਏਜੰਸੀ ਨੇ ਚੰਦਰਯਾਨ-3 ਦੇ ਲੈਂਡਰ ਦੇ ਚੰਨ ਦੀ ਸਤ੍ਹਾ ’ਤੇ ‘ਸਾਫ਼ਟ ਲੈਂਡਿੰਗ’ ਕਰਨ ਤੋਂ ਬਾਅਦ ਚੰਦਰਯਾਨ-2 ਦੇ ਆਰਬਿਟਰ ਹਾਈ ਰੈਜ਼ੋਲਿਊਸ਼ਨ ਕੈਮਰਾ (ਓ.ਐਚ.ਆਰ.ਸੀ.) ਤੋਂ ਲਈ ਗਈ ਉਸ ਦੀ ਤਸਵੀਰ ਵੀ ਜਾਰੀ ਕੀਤੀ।