PM Narendra Modi: ਪਾਕਿਸਤਾਨ ਨੇ ਐਸਸੀਓ ਮੀਟਿੰਗ ਲਈ ਪੀਐਮ ਮੋਦੀ ਨੂੰ ਦਿਤਾ ਸੱਦਾ

ਏਜੰਸੀ

ਖ਼ਬਰਾਂ, ਰਾਸ਼ਟਰੀ

PM Narendra Modi: ਇਹ ਬੈਠਕ ਇਸ ਸਾਲ ਅਕਤੂਬਰ ’ਚ ਇਸਲਾਮਾਬਾਦ ’ਚ ਹੋਣੀ ਹੈ

Pakistan has invited PM Modi for the SCO meeting

PM Narendra Modi: ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਸਸੀਓ (ਸ਼ੰਘਾਈ ਸਹਿਯੋਗ ਸੰਗਠਨ) ਦੀ ਬੈਠਕ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਆਉਣ ਦਾ ਸੱਦਾ ਦਿਤਾ ਹੈ। ਇਹ ਬੈਠਕ ਇਸ ਸਾਲ ਅਕਤੂਬਰ ’ਚ ਇਸਲਾਮਾਬਾਦ ’ਚ ਹੋਣੀ ਹੈ ਅਤੇ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਦੇਸ਼ਾਂ ਦੇ ਮੁਖੀ ਇਸ ਬੈਠਕ ’ਚ ਸ਼ਾਮਲ ਹੋਣਗੇ।

ਹਾਲਾਂਕਿ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸਲਾਮਾਬਾਦ ਦੌਰੇ ਦੀ ਸੰਭਾਵਨਾ ਬਹੁਤ ਘੱਟ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੀਐਮ ਮੋਦੀ ਆਪਣੀ ਥਾਂ ਆਪਣੇ ਕਿਸੇ ਮੰਤਰੀ ਨੂੰ ਪਾਕਿਸਤਾਨ ਭੇਜਦੇ ਹਨ ਜਾਂ ਨਹੀਂ।

ਪਾਕਿਸਤਾਨ ਨੇ ਆਉਂਦੀ 15-16 ਅਕਤੂਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਦੀ ਮੇਜ਼ਬਾਨੀ ਕਰਨੀ ਹੈ। ਸ਼ੰਘਾਈ ਸਹਿਯੋਗ ਸੰਗਠਨ ਦੀ ਮੇਜ਼ਬਾਨੀ ਇਸ ਦੇ ਮੈਂਬਰ ਦੇਸ਼ਾਂ ਦੁਆਰਾ ਇਕ ਰੋਟੇਸ਼ਨਲ ਅਧਾਰ ’ਤੇ ਕੀਤੀ ਜਾਂਦੀ ਹੈ।

ਇਸ ਤਹਿਤ ਇਸ ਵਾਰ ਬੈਠਕ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਪਾਕਿਸਤਾਨ ਨੂੰ ਮਿਲੀ ਹੈ। ਪ੍ਰਧਾਨ ਮੰਤਰੀ ਮੋਦੀ ਸ਼ੰਘਾਈ ਸਹਿਯੋਗ ਸੰਗਠਨ ਦੇ ਦੇਸ਼ਾਂ ਦੇ ਮੁਖੀਆਂ ਦੀ ਬੈਠਕ ’ਚ ਸ਼ਾਮਲ ਹੁੰਦੇ ਰਹੇ ਹਨ ਪਰ ਇਸ ਸਾਲ ਪ੍ਰਧਾਨ ਮੰਤਰੀ ਮੋਦੀ ਕਜ਼ਾਖ਼ਿਸਤਾਨ ’ਚ ਹੋਈ ਬੈਠਕ ’ਚ ਸ਼ਾਮਲ ਨਹੀਂ ਹੋਏ ਕਿਉਂਕਿ ਇਹ ਬੈਠਕ ਆਮ ਚੋਣਾਂ ਦੇ ਸਮੇਂ ਹੋਈ ਸੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਪੀਐਮ ਮੋਦੀ ਦੀ ਥਾਂ ਉਸ ਮੀਟਿੰਗ ਵਿਚ ਸ਼ਿਰਕਤ ਕੀਤੀ ਸੀ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਪਾਕਿਸਤਾਨ ’ਚ ਹੋਣ ਵਾਲੀ ਬੈਠਕ ’ਚ ਨੇਤਾਵਾਂ ਨੂੰ ਸੰਬੋਧਨ ਕਰਨ ਦੀ ਸਹੂਲਤ ਮਿਲੇਗੀ ਜਾਂ ਨਹੀਂ।

ਭਾਰਤ ਤੇ ਪਾਕਿਸਤਾਨ ਚੀਨ, ਰੂਸ ਦੇ ਨਾਲ ਐਸਸੀਓ ਦੇ ਪੂਰਨ ਮੈਂਬਰ ਹਨ। ਐਸਸੀਓ ’ਤੇ ਚੀਨ ਦਾ ਦਬਦਬਾ ਹੈ। ਚੀਨ ਨੇ ਇਸ ਪਲੇਟਫ਼ਾਰਮ ਦੀ ਵਰਤੋਂ ਬੀਆਰਆਈ ਨੂੰ ਉਤਸ਼ਾਹਿਤ ਕਰਨ ਲਈ ਕੀਤੀ। ਭਾਵੇਂ ਭਾਰਤ ਨੇ ਕਦੇ ਵੀ ਚੀਨ ਦੇ ਇਸ ਪ੍ਰੋਜੈਕਟ ਦਾ ਸਮਰਥਨ ਨਹੀਂ ਕੀਤਾ ਤੇ ਪਿਛਲੇ ਸਾਲ ਵੀ ਭਾਰਤ ਨੇ ਐਸਸੀਓ ਦੇ ਸਾਂਝੇ ਬਿਆਨ ਵਿਚ ਬੀਆਰਆਈ ਦਾ ਜ਼ਿਕਰ ਨਹੀਂ ਹੋਣ ਦਿੱਤਾ ਸੀ। ਐਸਸੀਓ ਇਕੋ ਇਕ ਬਹੁ-ਪੱਖੀ ਸੰਸਥਾ ਹੈ ਜਿਸ ਵਿਚ ਭਾਰਤ ਅਤੇ ਪਾਕਿਸਤਾਨ ਮਿਲ ਕੇ ਕੰਮ ਕਰਦੇ ਹਨ।

ਐਸਸੀਓ ਇਕ ਸਥਾਈ ਅੰਤਰ-ਸਰਕਾਰੀ ਅੰਤਰਰਾਸ਼ਟਰੀ ਸੰਸਥਾ ਹੈ। ਇਹ ਇਕ ਰਾਜਨੀਤਕ, ਆਰਥਿਕ ਅਤੇ ਫ਼ੌਜੀ ਸੰਗਠਨ ਹੈ ਜਿਸ ਦਾ ਉਦੇਸ਼ ਖੇਤਰ ਵਿਚ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਨੂੰ ਬਣਾਈ ਰੱਖਣਾ ਹੈ। ਇਹ ਸਾਲ 2001 ਵਿਚ ਬਣਾਈ ਗਈ ਸੀ। ਐਸਸੀਓ ਚਾਰਟਰ ’ਤੇ ਸਾਲ 2002 ਵਿੱਚ ਹਸਤਾਖਰ ਕੀਤੇ ਗਏ ਸਨ ਅਤੇ ਸਾਲ 2003 ਵਿੱਚ ਲਾਗੂ ਹੋਇਆ ਸੀ।

ਇਸ ਸੰਗਠਨ ਦਾ ਉਦੇਸ਼ ਮੈਂਬਰ ਦੇਸ਼ਾਂ ਦਰਮਿਆਨ ਆਪਸੀ ਵਿਸ਼ਵਾਸ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨਾ ਹੈ। ਰਾਜਨੀਤੀ, ਵਪਾਰ ਅਤੇ ਆਰਥਿਕਤਾ, ਖੋਜ ਅਤੇ ਤਕਨਾਲੋਜੀ ਅਤੇ ਸੱਭਿਆਚਾਰ ਦੇ ਖੇਤਰਾਂ ਵਿਚ ਪ੍ਰਭਾਵਸ਼ਾਲੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ। ਸਿੱਖਿਆ, ਊਰਜਾ, ਟਰਾਂਸਪੋਰਟ, ਸੈਰ-ਸਪਾਟਾ, ਵਾਤਾਵਰਨ ਸੁਰਖਿਆ ਆਦਿ ਖੇਤਰਾਂ ਵਿਚ ਸਬੰਧਾਂ ਨੂੰ ਵਧਾਉਣਾ। ਸਬੰਧਤ ਖੇਤਰ ਵਿਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ। ਐਸਸੀਓ ਦੇ ਮੈਂਬਰ ਦੇਸ਼ ਚੀਨ, ਰੂਸ, ਪਾਕਿਸਤਾਨ, ਭਾਰਤ, ਤਜ਼ਾਕਿਸਤਾਨ, ਉਜ਼ਬੇਕਿਸਤਾਨ, ਕਿਰਗਿਜ਼ਸਤਾਨ, ਕਜ਼ਾਖ਼ਿਸਤਾਨ ਹਨ।