India-Pak Border: ਭਾਰਤ-ਪਾਕਿ ਸਰਹੱਦ ’ਤੇ ਬੀਐਸਐਫ਼ ਦੀਆਂ ਮਹਿਲਾ ਜਵਾਨ ਸੰਭਾਲਣਗੀਆਂ ਮੋਰਚਾ
India-Pak Border: ਡ੍ਰੋਨਾਂ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਤੇ ਘੁਸਪੈਠ ਨੂੰ ਰੋਕਣ ਲਈ ਵਾਧੂ ਬਟਾਲੀਅਨ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਹੈ।
India-Pakistan Border: ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਇਕ ਹੋਰ ਬਟਾਲੀਅਨ ਪੰਜਾਬ ਵਿਚ ਤਾਇਨਾਤ ਕੀਤੀ ਜਾਵੇਗੀ। ਬਟਾਲੀਅਨ ਨੂੰ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਕੀਤਾ ਜਾਵੇਗਾ। ਪੰਜਾਬ ਵਿਚ ਪਾਕਿਸਤਾਨ ਦੀ ਸਰਹੱਦ ਪਾਰ ਤੋਂ ਬਹੁਤ ਜ਼ਿਆਦਾ ਨਸ਼ਾ ਤਸਕਰੀ ਅਤੇ ਹਥਿਆਰਾਂ (ਗੋਲਾ ਬਾਰੂਦ) ਦੀ ਤਸਕਰੀ ਹੁੰਦੀ ਹੈ। ਡ੍ਰੋਨਾਂ ਰਾਹੀਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਤੇ ਘੁਸਪੈਠ ਨੂੰ ਰੋਕਣ ਲਈ ਵਾਧੂ ਬਟਾਲੀਅਨ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਤੋਂ ਇਲਾਵਾ ਸੀਮਾ ਸੁਰੱਖਿਆ ਬਲ ਵੀ ਮਰਦ ਸਿਪਾਹੀਆਂ ਵਾਂਗ ਮੋਰਚੇ ’ਤੇ ਗਸ਼ਤ ਕਰਨ ਲਈ ਮਹਿਲਾ ਸਿਪਾਹੀਆਂ ਦੀ ਇਕ ਮਾਊਂਟਿਡ ਯੂਨਿਟ ਬਣਾ ਰਹੀ ਹੈ। ਬੀਐਸਐਫ ਨੇ ਹਾਲ ਹੀ ਵਿਚ ਜੰਮੂ ਦੇ ਨਾਲ ਲੱਗਦੇ ਗੁਰਦਾਸਪੁਰ ਵਿਚ ਹੋਰ ਵਧੇਰੇ ਸੈਨਿਕ ਤਾਇਨਾਤ ਕਰ ਕੇ ਪੰਜਾਬ-ਜੰਮੂ ਸਰਹੱਦ ਦੇ ਨਾਲ ਅਪਣੀ ਤਾਕਤ ਵਧਾ ਦਿਤੀ ਹੈ। ਅਜਿਹਾ ਭਾਰਤ-ਪਾਕਿਸਤਾਨ ਸਰਹੱਦ ਤੋਂ ਜੰਮੂ ਰਾਹੀਂ ਪੰਜਾਬ ’ਚ ਅਤਿਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਕੀਤਾ ਗਿਆ ਹੈ।
ਮੌਜੂਦਾ ਸਮੇਂ ’ਚ ਪੰਜਾਬ ਵਿਚ ਬੀ.ਐੱਸ.ਐੱਫ 500 ਕਿਲੋਮੀਟਰ ਤੋਂ ਵੱਧ ਲੰਬੇ ਸਰਹੱਦੀ ਖੇਤਰ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਇਸ ਲਈ ਪੰਜਾਬ ਵਿਚ ਬੀ.ਐਸ.ਐਫ ਦੀਆਂ ਲਗਭਗ 20 ਬਟਾਲੀਅਨਾਂ ਸਰਗਰਮ ਹਨ। ਇਨ੍ਹਾਂ ’ਚੋਂ 18 ਸਰਹੱਦ ’ਤੇ ਤਾਇਨਾਤ ਹਨ, ਜਦ ਕਿ ਬਾਕੀਆਂ ਨੂੰ ਅੰਮ੍ਰਿਤਸਰ ’ਚ ਅਟਾਰੀ ਇੰਟੈਗਰੇਟਿਡ ਚੈੱਕ ਪੋਸਟ ਅਤੇ ਗੁਰਦਾਸਪੁਰ ਜ਼ਿਲੇ ’ਚ ਕਰਤਾਰਪੁਰ ਕਾਰੀਡੋਰ ਡੇਰਾ ਬਾਬਾ ਨਾਨਕ ’ਤੇ ਲੋੜ ਮੁਤਾਬਕ ਤਾਇਨਾਤ ਕੀਤਾ ਗਿਆ ਹੈ।
ਬੀਐਸਐਫ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਕਰਨ ਲਈ ਬੀਐਸਐਫ਼ ਦੀ ਇਕ ਹੋਰ ਬਟਾਲੀਅਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਤੇ ਤਰਨਤਾਰਨ ਵਿਚ ਸਾਲ 2019-20 ਤੋਂ ਡ੍ਰੋਨ ਦਾ ਖ਼ਤਰਾ ਵਧਿਆ ਹੈ।
ਇਸ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਰਗਰਮੀ ਨਾਲ ਵਿਚਾਰ ਕੀਤਾ ਹੈ ਅਤੇ ਬਟਾਲੀਅਨ ਦੀ ਮੰਗ ਕੀਤੀ ਹੈ। ਬੀਐਸਐਫ ਦੇ ਪੰਜਾਬ ਫ਼ਰੰਟੀਅਰ ਦੇ ਇੰਸਪੈਕਟਰ ਜਨਰਲ ਅਤੁਲ ਫੁਲਜਲੇ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਪਹਿਲਾਂ ਪਾਕਿਸਤਾਨੀ ਸਰਹੱਦ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਜ਼ਮੀਨੀ ਰਸਤੇ ਰਾਹੀਂ ਹੁੰਦੀ ਸੀ, ਪਰ ਹੁਣ ਡ੍ਰੋਨਾਂ ਰਾਹੀਂ ਪੰਜਾਬ ਵਿਚ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, ਸੁਰੱਖਿਆ ਏਜੰਸੀਆਂ ਨੇ ਇਸ ਸਾਲ ਹੁਣ ਤੱਕ 120 ਤੋਂ ਵੱਧ ਡ੍ਰੋਨ ਬਰਾਮਦ ਕੀਤੇ ਹਨ, ਜਦੋਂ ਕਿ ਪੂਰੇ 2023 ਦੌਰਾਨ ਸੁਰੱਖਿਆ ਬਲਾਂ ਦੁਆਰਾ 107 ਡ੍ਰੋਨਾਂ ਨੂੰ ਡੇਗਿਆ ਗਿਆ ਸੀ।
ਪੰਜਾਬ ਤੇ ਦਿੱਲੀ ਦੇ ਅਧਿਕਾਰੀਆਂ ਮੁਤਾਬਕ ਪੰਜਾਬ ਦੀ ਸਰਹੱਦ ’ਤੇ ਦਰਿਆਈ ਖੇਤਰਾਂ ਦੀ ਪ੍ਰਭਾਵਸ਼ਾਲੀ ਸੁਰੱਖਿਆ ਲਈ ਹੋਰ ਫ਼ੌਜ ਤਾਇਨਾਤ ਕੀਤੀ ਜਾਣੀ ਹੈ। ਪੰਜਾਬ ਦੀ ਸਰਹੱਦ ’ਤੇ ਰਾਵੀ ਤੇ ਸਤਲੁਜ ਦਰਿਆਵਾਂ ’ਤੇ 48 ਪੁਲ਼ੀਆਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚੋਂ 25 ਮੁਕੰਮਲ ਹੋ ਚੁੱਕੀਆਂ ਹਨ।