PFI ’ਤੇ ਈਡੀ ਦਾ ਸ਼ਿਕੰਜਾ, ਤਿੰਨ ਵਰਕਰਾਂ ਨੂੰ ਸੱਤ ਦਿਨਾਂ ਲਈ ਭੇਜਿਆ ਹਿਰਾਸਤ ’ਚ
ਪੀਐੱਫ਼ਆਈ ਵਰਕਰਾਂ ਉੱਤੇ ਆਰਥਿਕ ਦਾਨ ਦੀ ਆੜ ਵਿਚ ਮਨੀ ਲਾਂਡਰਿੰਗ ਵਿਚ ਸ਼ਮੂਲੀਅਤ ਦਾ ਆਰੋਪ ਹੈ।
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਨਕਦੀ ਦੀ ਆੜ ’ਚ ਮਨੀ ਲਾਂਡਰਿੰਗ ਵਿਚ ਕਥਿਤ ਭੂਮਿਕਾ ਨੂੰ ਲੈ ਕੇ ਪਾਪੂਲਰ ਫਰੰਟ ਆਫ਼ ਇੰਡੀਆ (ਪੀਐਫ਼ਆਈ) ਦੀ ਦਿੱਲੀ ਇਕਾਈ ਦੇ ਤਿੰਨ ਵਰਕਰਾਂ ਨੂੰ ਸੱਤ ਦਿਨਾਂ ਲਈ ਈਡੀ ਨੇ ਹਿਰਾਸਤ ਵਿਚ ਭੇਜ ਦਿੱਤਾ ਹੈ।
ਅਦਾਲਤ ਈਡੀ ਦੀ ਉਸ ਅਰਜ਼ੀ 'ਤੇ ਸੁਣਵਾਈ ਕਰ ਰਹੀ ਸੀ, ਜਿਸ 'ਚ ਤਿੰਨ ਦੋਸ਼ੀਆਂ- ਪੀਐੱਫ਼ਆਈ ਦਿੱਲੀ ਦੇ ਪ੍ਰਧਾਨ ਪਰਵੇਜ਼ ਅਹਿਮਦ, ਜਨਰਲ ਸਕੱਤਰ ਮੁਹੰਮਦ ਇਲਿਆਸ ਅਤੇ ਦਫ਼ਤਰ ਸਕੱਤਰ ਅਬਦੁਲ ਮੁਕੀਤ ਦੇ ਲਈ ਦੋ ਹਫ਼ਤਿਆਂ ਦੀ ਹਿਰਾਸਤ ਮੰਗੀ ਗਈ ਸੀ।
ਦੱਸ ਦੇਈਏ ਕਿ ਪੀਐੱਫ਼ਆਈ ਵਰਕਰਾਂ ਉੱਤੇ ਆਰਥਿਕ ਦਾਨ ਦੀ ਆੜ ਵਿਚ ਮਨੀ ਲਾਂਡਰਿੰਗ ਵਿਚ ਸ਼ਮੂਲੀਅਤ ਦਾ ਆਰੋਪ ਹੈ।
ਤਿੰਨਾਂ ਆਰੋਪੀਆਂ ਤੋਂ ਹੁਣ ਤੱਕ ਬਰਾਮਦ ਦਸਤਾਵੇਜਾਂ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੇ ਘਰ ਤੋਂ ਬਰਾਮਦ ਹੋਏ ਫ਼ੋਨ ਨੂੰ ਫਾਰੈਂਸਿਕ ਕੇਂਦਰ ’ਚ ਭੇਜ ਕੇ ਉਨ੍ਹਾਂ ਦੇ ਸਾਹਮਣੇ ਜਾਂਚ ਕੀਤੀ ਜਾਵੇਗੀ।
ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ 23 ਸਤੰਬਰ ਨੂੰ ਦਿੱਤੇ ਹੁਕਮ 'ਚ ਕਿਹਾ, 'ਦਲੀਲਾਂ ਅਤੇ ਹੁਣ ਤੱਕ ਕੀਤੀ ਗਈ ਜਾਂਚ ’ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ, ਮੈਂ ਪਾਇਆ ਕਿ ਜਾਂਚ ਅਜੇ ਮੁੱਢਲੇ ਪੜਾਅ 'ਤੇ ਹੈ ਅਤੇ ਜਾਂਚ ਜਾਰੀ ਹੈ। ਨਕਦ ਦਾਨ ਪ੍ਰਾਪਤ ਕਰਨ, ਉਸ ਦੇ ਇਰਾਦੇ ਅਤੇ ਉਸ ਧਨ ਦੇ ਉਪਯੋਗ, ਉਸ ਦੇ ਸਰੋਤ ਦਾ ਪਤਾ ਲਗਾਉਣ ਦੀ ਜ਼ਰੂਰਤ ਹੈ।